
ਲਾਤੀਨਾ (ਇਟਲੀ) 3 ਫਰਵਰੀ (ਸਾਬੀ ਚੀਨੀਆਂ) – ਆਪਣੇ ਬੱਚਿਆਂ ਦੇ ਪਾਲਣ ਪੋਸਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਨਹਿਰੀ ਬਨਾਉਣ ਲਈ ਇਟਲੀ ਦੇ ਖੇਤੀ ਫਾਰਮ ਤੇ ਮਿਹਨਤ ਮਜਦੂਰੀ ਕਰਨ ਵਾਲੇ ਸੁਖਵੀਰ ਸਿੰਘ ਵਾਸੀ ਪਿੰਡ ਗੋਹ੍ਹ (ਖੰਨਾ) ਦੀ ਘਰੋਂ ਕੰਮ ‘ਤੇ ਜਾਣ ਤੋਂ ਪਹਿਲਾਂ ਹਾਰਟ ਅਟੈਕ ਆਉਣ ਨਾਲ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਣਯੋਗ ਹੈ ਕਿ ਸੁਖਵੀਰ ਸਿੰਘ ਇਟਲੀ ਦੇ ਸ਼ਹਿਰ ਲਾਤੀਨਾ ਦੀ ਚਿਸਤੇਰਨਾ ਵਿਖੇ ਪਿਛਲੇ 7 ਸਾਲ ਤੋਂ ਰਹਿ ਕੇ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾ ਰਿਹਾ ਸੀ। 1 ਫਰਵਰੀ ਨੂੰ ਕੰਮ ‘ਤੇ ਜਾਣ ਤੋਂ ਪਹਿਲਾਂ ਹਾਰਟ ਅਟੈਕ ਆਉਣ ਨਾਲ ਉਸਦੀ ਮੌਤ ਹੋ ਗਈ। ਇਲਾਕੇ ਵਿਚ ਰਹਿੰਦੇ ਕੁਝ ਪੰਜਾਬੀਆਂ ਦਾ ਕਹਿਣਾ ਹੈ ਕਿ ਐਂਬੂਲੈਂਸ ਘਟਨਾ ਵਾਲੇ ਸਥਾਨ ‘ਤੇ ਜਲਦੀ ਨਹੀਂ ਪੁੱਜ ਸਕੀ। ਜਿਸ ਕਾਰਨ ਇਕ ਹੋਰ ਪੰਜਾਬੀ ਉਸਨੂੰ ਨਿੱਜੀ ਗੱਡੀ ਵਿਚ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੁਖਵੀਰ ਸਿੰਘ ਜਿੱਥੇ ਇਕ ਚੰਗਾ ਇਨਸਾਨ ਸੀ ਉੱਥੇ ਗੁਰੂ ਘਰ ਦਾ ਗੂੜਾ ਪ੍ਰੇਮੀ ਸੀ ਅਤੇ ਗੁਰੂ ਘਰ ਦੀ ਸੇਵਾ ਮੋਹਰੀ ਹੋ ਕੇ ਕਰਦਾ ਸੀ।