ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸ਼੍ਰੋਮਣੀ ਭਗਤ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਜਿਥੇ ਪੂਰੀ ਦੁਨੀਆ ਵਿੱਚ ਸਮੂਹ ਸੰਗਤਾਂ ਵਲੋਂ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਉਥੇ ਇਟਲੀ ਦੇ ਸੂਬਾ ਲਾਸੀਓ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਜਿਨ੍ਹਾਂ ਵਿੱਚ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ), ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਵਿਖੇ ਸਮੂਹ ਸੰਗਤਾਂ ਵਲੋਂ ਮਿਲਜੁਲ ਕੇ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਗਿਆ।
ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਅਤੇ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਐਤਵਾਰ ਸਵੇਰੇ ਇਲਾਹੀ ਬਾਣੀ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ. ਉਪਰੰਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਗਿਆਨੀ ਸੁਖਵੀਰ ਸਿੰਘ ਭੌਰ ਦੇ ਢਾਡੀ ਜਥੇ ਵਲੋਂ ਢਾਡੀ ਦਰਬਾਰ ਸਜਾਇਆ ਗਿਆ ਤੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਿਖੇ ਭਾਈ ਜਗਜੀਤ ਸਿੰਘ ਅਤੇ ਭਾਈ ਬਲਕਾਰ ਸਿੰਘ ਦੇ ਕੀਰਤਨੀਏ ਜਥਿਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ।
ਇਸ ਮੌਕੇ ਦੋਵਾਂ ਗੁਰਦੁਆਰਿਆਂ ਚ’ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੋਈਆਂ ਸਨ। ਦੂਜੇ ਪਾਸੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਿਖੇ ਐਤਵਾਰ ਸ਼ਾਮ ਨੂੰ ਸਾਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਭਾਈ ਮਨਿੰਦਰ ਸਿੰਘ ਖ਼ਾਲਸਾ ਦੇ ਕੀਰਤਨੀਏ ਜਥੇ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ ਤੇ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ਗੁਰਪੁਰਬ ਦੀਆਂ ਖੁਸ਼ੀਆਂ ਮੌਕੇ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ।
ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਿਖੇ ਹਰ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਪ੍ਰੰਬਧਕਾਂ ਨੇ ਦੱਸਿਆ ਕਿ, ਆਉਣ ਵਾਲੇ ਦਿਨਾਂ ਵਿੱਚ ਸੋਸਲ ਮੀਡੀਆ ਜ਼ਰੀਏ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸਮਾਗਮ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।