ਭਾਰਤੀ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਜ਼ਰੂਰਤ
ਰੋਮ ਇਟਲੀ (ਦਲਵੀਰ ਕੈਂਥ) ਭਾਰਤ ਵਿੱਚ ਰਿਕਾਰਡ ਤੋੜ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਜਿੱਥੇ ਪੂਰੀ ਦੁਨੀਆ ਦੀ ਨਜ਼ਰ ਹੁਣ ਭਾਰਤ ਦੇਸ਼ ਤੇ ਟਿੱਕ ਗਈ ਹੈ, ਉਥੇ ਇਟਲੀ ਦੇ ਲਾਸੀਓ ਸੂਬੇ ਵਿੱਚ ਪਿਛਲੇ 24ਘੰਟਿਆਂ ਦੌਰਾਨ ਕੋਰੋਨਾ ਦਾ ਬੰਬ ਭਾਰਤੀ ਲੋਕਾਂ ਉੱਤੇ ਫੱਟ ਗਿਆ ਲੱਗਦਾ ਹੈ ਜਿਸ ਤਹਿਤ 36 ਬੱਚਿਆਂ ਸਮੇਤ 300 ਭਾਰਤੀਆਂ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਉਣ ਤੋ ਬਾਅਦ ਸਥਾਨਕ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਉੱਥੇ ਹੀ ਰੈੱਡ ਅਲਾਰਟ ਜਾਰੀ ਹੋ ਚੁੱਕਾ ਹੈ। ਇਟਾਲੀਅਨ ਮੀਡੀਏ ਵਿੱਚ ਮੁੱਖ ਸੁਰਖੀ ਬਣੀ ਅੱਜ ਦੀ ਇਹ ਖ਼ਬਰ ਪੂਰੇ ਇਟਲੀ ਵਿੱਚ ਲੋਕਾਂ ਦੀ ਚਰਚਾਂ ਦਾ ਅਹਿਮ ਵਿਸ਼ਾ ਬਣੀ ਹੋਈ ਹੈ।ਲੋਕਾਂ ਵੱਲੋ ਕਿਆਫ਼ੇ ਲੱਗ ਰਹੇ ਹਨ ਕਿ ਪ੍ਰਕਾਸਿ਼ਤ ਹੋ ਰਹੀਆ ਰਿਪੋਰਟਾਂ ਮੁਤਾਬਿਕ ਕੋਰੋਨਾ ਵਾਇਰਸ ਦਾ ਦੂਸਰਾ ਭਿਆਨਕ ਰੂਪ ਭਾਰਤ ਤੋ ਹੁੰਦਾ ਹੋਇਆ ਇਟਲੀ ਵਿੱਚ ਦਾਖ਼ਲ ਹੋ ਚੁੱਕਾ ਹੈ।ਜੋ ਕਿਸੇ ਖਤਰੇ ਤੋ ਘੱਟ ਨਹੀ ਜਾਪਦਾ।ਭਾਰਤ ਤੋ ਇਟਲੀ ਆ ਰਹੇ ਭਾਰਤੀਆਂ ਨੂੰ ਸਥਾਨਿਕਾਂ ਨਾਗਰਿਕਾਂ ਲਈ ਵੱਡਾ ਖਤਰਾਂ ਵੀ ਦੱਸਿਆ ਹੈ,ਉਨਾਂ ਮੁਤਾਬਿਕ ਲਾਤੀਨਾ ਅਤੇ ਆਸ ਪਾਸ ਦੇ ਇਲਾਕਿਆ ਵਿੱਚ ਕੋਈ 15 ਹਜਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ਉੱਤੇ ਕੰਮ ਕਰ ਰਹੇ ਹਨ, ਦੂਜੇ ਪਾਸੇ ਲਾਤੀਨਾ ਜਿਲ੍ਹੇ ਦੇ ਅਪ੍ਰੀਲੀਆ ਸ਼ਹਿਰ ਦੇ ਨਗਰ ਕੌਸਲ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ 32 ਭਾਰਤੀ ਪਰਿਵਾਰਾਂ ਦੇ ਮੈਂਬਰ ਵੀ ਕੋਰੋਨਾ ਪੋਜੀਟਿਵ ਪਾਏ ਗਏ ਹਨ,ਜਦ ਕਿ ਅਪ੍ਰੀਲੀਆ ਨਗਰ ਪਾਲਿਕਾ ਵਿੱਚ 1500 ਭਾਰਤੀ ਮੈਂਬਰਾਂ ਦੀ ਰਿਹਾਇਸ਼ੀ ਗਿਣਤੀ ਦੱਸੀ ਗਈ ਹੈ।ਜਿਨ੍ਹਾਂ ਭਾਰਤੀਆ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈਆਂ ਹਨ, ਉਨ੍ਹਾਂ ਆਪੋ ਆਪਣੇ ਘਰ੍ਹਾਂ ਵਿੱਚ ਰਹਿਣ (ਇਕਾਂਤਵਾਸ) ਲਈ ਆਖਿਆ ਗਿਆ ਹੈ।ਇਹਨਾਂ ਵਿੱਚ ਬਹੁਤੀਆਂ ਰਿਪੋਰਟਾਂ ਉਹਨਾਂ ਲੋਕਾਂ ਦੀਆਂ ਹਨ ਜਿਹੜੇ ਕਿ ਖੇਤੀ-ਬਾੜੀ ਦਾ ਕੰਮ ਕਰਦੇ ਹਨ ਤੇ ਉਹਨਾਂ ਦਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕੰਮ ਉਪੱਰ ਹੀ ਕੋਵਿਡ ਟੈਸਟ ਕੀਤਾ ਗਿਆ।ਇਟਲੀ ਦੀ ਇੱਕ ਰਾਸਟਰੀ ਅਖਬਾਰ ਨੇ ਪੰਜਾਬੀਆਂ ਦੇ ਵੱਡੇ ਇਕੱਠ ਦੀ ਪੁਰਾਣੀ ਫੋਟੋ ਲਗਾਕੇ 300 ਸਿੱਖਾਂ ਦੇ ਕਰੋਨਾ ਪੋਜ਼ੀਟਿਵ ਹੋਣ ਦੀ ਖਬਰ ਪ੍ਰਕਾਸਿ਼ਤ ਕੀਤੀ ਹੈ ਜਿਸ ਤੋ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਟਲੀ ਪੁਲਿਸ ਇਲਾਕੇ ਵਿੱਚ ਬਣੇ ਭਾਰਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਜਿਵੇਂ ਗੁਰਦੁਵਾਰਿਆ, ਮੰਦਿਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਵੀ ਸ਼ੱਕ ਦੇ ਘੇਰੇ ਹੇਠ ਜਾਂਚ ਕਰ ਸਕਦੀ ਹੈ।ਇਸ ਲਈ ਭਾਰਤੀ ਭਾਈਚਾਰੇ ਅਤੇ ਪ੍ਰਬੰਧਕ ਕਮੇਟੀਆ ਨੂੰ ਸੁਚੇਤ ਹੋਕੇ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੀ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋ ਬਚਿਆ ਜਾ ਸਕੇ। ਕਿਤੇ ਇਹ ਨਾ ਹੋਵੇ ਕਿ ਕੋਰੋਨਾ ਦੀ ਬਦਨਾਮੀ ਵਾਲਾ ਸੇਕ ਸਾਡੇ ਧਾਰਮਿਕ ਸਥਾਨਾਂ ਤੱਕ ਆ ਪੁੱਜੇ।ਉਧਰ ਦੂਜੇ ਪਾਸੇ ਉੱਤਰੀ ਇਟਲੀ ਦੇ ਸੂਬਾ ਵੈਨਤੋ ਤੇ ਜ਼ਿਲ੍ਹਾ ਵਿਚੈਂਸਾ ਦੇ ਪਿੰਡ ਵਸਾਨੋ ਵਿੱਚ ਵੀ ਇੱਕ ਪਰਿਵਾਰ ਦੇ ਪਿਤਾ ਅਤੇ ਧੀ ਨੂੰ ਵੀ ਭਾਰਤੀ ਨਵੇਂ ਵਾਇਰਸ ਦੀ ਲਪੇਟ ਵਿੱਚ ਆਉਣ ਕਰਕੇ ਰਿਪੋਰਟ ਪੋਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਇਹ ਨਵੇ ਵਾਇਰਸ ਦੇ ਲੱਛਣ ਮਿਲਣ ਮਗਰੋਂ ਇਟਲੀ ਦਾ ਸਿਹਤ ਵਿਭਾਗ ਡੂੰਘੀ ਚਿੰਤਾ ਵਿੱਚ ਹੈ,ਇਟਲੀ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਵੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਭਾਰਤ ਤੋਂ ਇਟਲੀ ਆਉਂਦਾ ਹੈ ਜਾਂ ਬੀਤੇ ਦਿਨਾਂ ਵਿੱਚ ਭਾਰਤ ਤੋਂ ਵਾਪਸ ਪਰਤੇ ਹਨ ਉਨ੍ਹਾਂ ਨੂੰ ਆਪਣੀਆਂ ਕੋਰੋਨਾ ਵਾਇਰਸ ਦੀ ਚੈੱਕ ਅੱਪ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜ਼ੋ ਆਪਣੇ ਅਤੇ ਆਪਣੇ ਪਰਿਵਾਰਾਂ ਤੇ ਬਾਕੀਆਂ ਸਾਥੀਆਂ ਨੂੰ ਇਸ ਮਹਾਂਮਾਰੀ ਦੀ ਲਪੇਟ ਚ ਆਉਣ ਤੋਂ ਬਚਾਇਆ ਜਾ ਸਕੇ ਤੇ ਹੋਰ ਦੂਜੇ ਲੋਕਾਂ ਲਈ ਵੀ ਕੋਈ ਮੁਸੀਬਤ ਦਾ ਸਵੱਬ ਨਾ ਬਣੀਏ।