ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਤਾਰ ਦੀ ਕੁਲਤੂਰਾ ਸਿੱਖ ਇਟਲੀ ਸੰਸਥਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ, ਵੱਲੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੋ (ਬਰੇਸ਼ੀਆ) ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੇ ਭਾਗ ਲਿਆ। ਤਰਕੀਬਨ 2 ਮਹੀਨਿਆਂ ਤੋਂ ਇਸ ਮੁਕਾਬਲੇ ਲਈ ਬੱਚਿਆਂ ਨੂੰ ਤਿਆਰੀ ਕਰਵਾਈ ਗਈ ਸੀ। ਜਿਸਦਾ ਸਿਲੇਬਸ ਸੰਸਥਾ ਦੀ ਵੈੱਬਸਾਈਟ ਤੇ ਵੀ ਉਪਲੱਬਧ ਕਰਵਾਇਆ ਗਿਆ ਸੀ।
ਇਹ ਮੁਕਾਬਲੇ ਲਿਖਤੀ ਰੂਪ ਵਿੱਚ ਹੋਏ ਸਨ, ਜਿਸ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਇਹਨਾਂ ਮੁਕਾਬਿਲਆਂ ਵਿੱਚ ਬੱਚਿਆਂ ਨੇ ਹਿੱਸਾ ਲਿਆ। ਇਹ ਮੁਕਾਬਲੇ 4 ਗਰੁੱਪਾਂ ਵਿੱਚ ਕਰਵਾਏ ਗਏ ਸਨ। ਜਿਸ ਵਿੱਚ ਗਰੁੱਪ ਏ ਵਿਚ ਰਹਿਮਤਪ੍ਰੀਤ ਕੌਰ ਨੇ ਪਹਿਲਾ ਗੁਰਮਨ ਕੌਰ ਨੇ ਦੂਸਰਾ ਸਥਾਨ, ਗਰੁੱਪ ਬੀ ਵਿਚ ਗੁਰਨੂਰ ਕੌਰ ਨੇ ਪਹਿਲਾ ਮਨਜੋਤ ਸਿੰਘ ਨੇ ਦੂਸਰਾ ਅਤੇ ਹਰਗੁਨ ਕੌਰ ਨੇ ਤੀਸਰਾ ਸਥਾਨ, ਗਰੁੱਪ ਸੀ ਵਿਚ ਸਹਿਜਵੀਰ ਸਿੰਘ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ ਅਤੇ ਮਨਤੋਜ ਕੌਰ ਨੇ ਤੀਸਰਾ ਸਥਾਨ ਗਰੁੱਪ ਡੀ ਵਿਚ ਹਰਜੋਤਦੀਪ ਕੌਰ ਅਤੇ ਗਰਨੀਤ ਕੌਰ ਨੇ ਪਹਿਲਾ, ਪਰਮਵੀਰ ਸਿੰਘ, ਜਸਦੀਪ ਸਿੰਘ ਅਤੇ ਪਵਨਵੀਰ ਕੌਰ ਨੇ ਦੂਸਰਾ ਅਤੇ ਪਰਮਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ, ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜ੍ਹਨ ਲਈ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ. ਇਸ ਮੌਕੇ ਕਲਤੂਰਾ ਸਿੱਖ ਨੇ ਆਪਣੀ ਨਵੀਂ ਵੈੱਬਸਾਈਟ ਵੀ ਲਾਂਚ ਕੀਤੀ, ਜਿਸ ਤੋਂ ਨੈੱਟ ਰਾਹੀਂ ਅੱਗੇ ਆਉਣ ਵਾਲੇ ਮੁਕਾਬਲਿਆਂ ਦੀ ਤਿਆਰੀ ਕੀਤੀ ਜਾ ਸਕਦੀ ਹੈ.