
ਵੇਰੋਨਾ (ਇਟਲੀ) 2 ਅਗਸਤ (ਸਾਬੀ ਚੀਨੀਆਂ) – ਉੱਘੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਯੂਰਪ ਟੂਰ ਤਹਿਤ ਬੀਤੇ ਦਿਨ ਇਟਲੀ ਪਹੁੰਚ ਗਏ ਹਨ। ਉਹ ਹਾਲੈਡ ਤੋਂ ਬਾਅਦ ਇੱਥੇ ਆਏ ਹਨ। ਬੀਤੇ ਦਿਨ ਇਟਲੀ ਦੇ ਵੇਰੋਨਾ ਏਅਰਪੋਰਟ ‘ਤੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਤਵਿੰਦਰ ਬੁੱਗਾ ਨੇ ਕਿਹਾ, ਚੰਗੇ ਗੀਤ ਸਰੋਤਿਆਂ ਨੂੰ ਹਮੇਸ਼ਾਂ ਪ੍ਰਭਾਵਿਤ ਕਰਦੇ ਹਨ ਅਤੇ ਚਿਰਾਂ ਤੱਕ ਸਰੋਤਿਆਂ ਦੇ ਜਿਹਨ ‘ਚ ਗੂਜਦੇ ਰਹਿੰਦੇ ਹਨ। ਉਨ੍ਹਾਂ ਕਿਹਾ, ਭਾਵੇਂ ਕਿ ਬਦਲਦੇ ਹਾਲਾਤਾਂ ਮੁਤਾਬਕ ਅੱਜ ਪੰਜਾਬੀ ਗਾਇਕੀ ਦਾ ਮੁਹਾਂਦਰਾ ਬਦਲਿਆਂ ਹੈ, ਪ੍ਰੰਤੂ ਜਾਗਰੂਕ ਸਰੋਤੇ ਚੰਗੇ ਗੀਤਾਂ ਨੂੰ ਕਦੇ ਵਿਸਾਰਦੇ ਨਹੀਂ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਸਮੇਂ ਸੱਭਿਆਚਾਰਕ ਪ੍ਰੇਮੀ ਸੰਜੀਵ ਕੁਮਾਰ ਖਮਾਣੋ, ਸੁਰਿੰਦਰ ਭਟਨਾਗਰ (ਸਮਾਜ ਸੇਵੀ), ਬੱਬੂ ਜਲੰਧਰੀ (ਖੇਡ ਕੁਮੈਂਟੇਟਰ), ਹਰਦੀਪ ਸਿੰਘ ਕੰਗ, ਵਨੀਤਾ ਭਟਨਾਗਰ, ਯਸ਼ਪਾਲ ਕਾਲੀਆ, ਮਨਦੀਪ ਟਾਇਗਰ, ਰਣਦੀਪ ਸਿੰਘ ਗੁਰਦਾਸ ਆਦਿ ਹਾਜਰ ਸਨ।