in

ਵਰਿੰਦਰ ਸਿੰਘ ਨੇ ਰੋਮ ਯੂਨੀਵਰਸਿਟੀ ਤੋਂ ਆਰਥਿਕਤਾ ਮੈਨੇਜਮੈਂਟ ਵਿੱਚ ਕੀਤੀ ਮਾਸਟਰ ਡਿਗਰੀ ਹਾਸਲ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਜਾ ਕੇ ਰੈਣ ਬਸੇਰਾ ਕਰਦੇ ਹੋਣ, ਆਪਣੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਹਾਸਿਲ ਕਰ ਲੈਂਦੇ ਹਨ. ਵਿਦੇਸ਼ਾਂ ਦੀ ਧਰਤੀ ਤੇ ਰੋਜੀ ਰੋਟੀ ਕਮਾਉਣ ਲਈ ਪੰਜਾਬੀ ਅਣਥਕ ਮਿਹਨਤ ਕਰਦੇ ਹਨ, ਦੂਜੇ ਪਾਸੇ ਪੰਜਾਬੀਆਂ ਦੇ ਬੱਚੇ ਵੀ ਹਰ ਖੇਤਰ ਵਿੱਚ ਆਏ ਦਿਨੀਂ ਮੱਲਾਂ ਮਾਰਦੇ ਨਜ਼ਰ ਆ ਰਹੇ ਹਨ.
ਇਟਲੀ ਦੀ ਰਾਜਧਾਨੀ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਰਹਿੰਦੇ ਕਾਰੋਬਾਰੀ ਡਾ: ਧਰਮਪਾਲ ਸਿੰਘ ਦੇ ਹੋਣਹਾਰ ਸਪੁੱਤਰ ਵਰਿੰਦਰ ਸਿੰਘ ਨੇ ਰਾਜਧਾਨੀ ਰੋਮ ਦੀ ਪ੍ਰਸਿੱਧ ‘ਯੂਨੀਤਾ ਇੰਟਰਨੈਸ਼ਨਲ ਸਟੱਡੀ ਯੂਨੀਵਰਸਿਟੀ’ ਤੋਂ 5 ਸਾਲਾਂ ਦੀ ਅਣਥੱਕ ਮਿਹਨਤ ਨਾਲ ਆਰਥਿਕਤਾ ਮੈਨੇਜਮੈਂਟ ਦੀ ਮਾਸਟਰ ਡਿਗਰੀ ਹਾਸਲ ਕਰਕੇ ਇਟਲੀ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ.
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਿਤਾ ਧਰਮਪਾਲ ਸਿੰਘ ਨੇ ਦੱਸਿਆ ਕਿ, ਵਰਿੰਦਰ ਸਿੰਘ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਾਜਪੁਰ ਤਹਿਸੀਲ ਰਾਏਕੋਟ ਵਿੱਚ ਹੋਇਆ ਅਤੇ ਵਰਿੰਦਰ 5 ਸਾਲ ਦੀ ਉਮਰ ਵਿੱਚ ਪਰਿਵਾਰ ਸਮੇਤ ਇਟਲੀ ਆ ਗਿਆ ਅਤੇ ਇਟਲੀ ਆ ਕੇ ਇਟਾਲੀਅਨ ਭਾਸ਼ਾ ਵਿੱਚ ਪੜਾਈ ਕਰਨ ਲੱਗਾ। ਪੜ੍ਹਾਈ ਵਿੱਚ ਵਧੀਆ ਅੰਕ ਪ੍ਰਾਪਤ ਕਰਦਾ ਗਿਆ. ਦੂਜੇ ਪਾਸੇ ਵਰਿੰਦਰ ਸਿੰਘ ਨੇ ਦੱਸਿਆ ਕਿ, ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਮੇਰੇ ਪਿਤਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ. ਅੱਜ ਜਦੋਂ ਮੈਂ ਡਿਗਰੀ ਹਾਸਲ ਕੀਤੀ ਹੈ ਤਾਂ ਪੂਰਾ ਪਰਿਵਾਰ ਮੇਰੇ ਨਾਲ ਮਾਣ ਮਹਿਸੂਸ ਕਰ ਰਿਹਾ ਹੈ. ਮੈਨੂੰ ਖੁਸ਼ੀ ਹੈ ਕਿ ਇਟਲੀ ਵਿੱਚ ਰਹਿ ਕੇ ਇਟਾਲੀਅਨ ਭਾਸ਼ਾ ਦਾ ਗਿਆਨ ਹਾਸਲ ਕਰਕੇ ਇਟਲੀ ਵਿੱਚ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚੋਂ ਡਿਗਰੀ ਹਾਸਲ ਕੀਤੀ ਹੈ.
ਉਨ੍ਹਾਂ ਦੱਸਿਆ ਕਿ, ਆਉਣ ਵਾਲੇ ਦਿਨਾਂ ਤੈਅ ਕਰਨਗੇ ਕਿ ਨੌਕਰੀ ਕਿੱਥੇ ਕਰਨੀ ਹੈ, ਕਿਉਂਕਿ ਮੇਰੇ ਕੋਲ ਇੰਟਰਨੈਸ਼ਨਲ ਪੱਧਰ ‘ਤੇ ਕੰਮ ਕਰਨ ਦਾ ਜਰੀਆ ਹੈ. ਵਰਿੰਦਰ ਸਿੰਘ ਨੇ ਇਟਲੀ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਸਨੇਹਾ ਦਿੰਦੇ ਹੋਏ ਕਿਹਾ ਕਿ, ਇਟਲੀ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਮੁਕਾਮ ਤੱਕ ਪਹੁੰਚਣ ਲਈ ਪ੍ਰੇਰਿਤ ਕਰੋ ਤਾਂ ਜ਼ੋ ਤੁਹਾਡੇ ਬੱਚੇ ਇਟਲੀ ਵਿੱਚ ਇਟਾਲੀਅਨ ਲੋਕਾਂ ਵਿੱਚ ਤੁਹਾਡਾ ਨਾਮ ਰੌਸ਼ਨ ਕਰ ਸਕਣ. ਜਿਕਰਯੋਗ ਹੈ ਕਿ ਸਾਰੇ ਪੰਜਾਬੀ ਭਾਈਚਾਰੇ ਵਲੋਂ ਡਾ: ਧਰਮਪਾਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆ ਦਿੱਤੀਆਂ ਜਾਂ ਰਹੀਆਂ ਹਨ।

ਨਾਮ ਦੀ ਬਦਲੀ /नाम परिवर्तन/ Name change/ Cambio di Nome

ਪੁਨਤੀਨੀਆ : 24 ਅਪ੍ਰੈਲ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ