ਵੀਨਸ (ਇਟਲੀ) 22 ਦਸੰਬਰ (ਬਿਊਰੋ) – ਇਟਲੀ ’ਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਪੈਣ ਕਾਰਨ ਜਿੱਥੇ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਸੜਕ ਹਾਦਸਿਆਂ ਦਾ ਗ੍ਰਾਫ ਵੀ ਵਧਣ ਲੱਗਾ ਹੈ। ਬੀਤੀ ਸਵੇਰ ਇਟਲੀ ਦੇ ਵਿਚੈਂਸਾ ਸ਼ਹਿਰ ਨੇੜ੍ਹੇ ਮੁੱਖ ਮਾਰਗ ’ਤੇ ਡਰਾਇਵਰ ਦੇ ਸੰਤੁਲਨ ਗਵਾਏ ਜਾਣ ਦੀ ਵਜ੍ਹਾ ਕਾਰਨ ਬੇਕਾਬੂ ਹੋ ਕੇ ਇਕ ਹੈਵੀ ਟਰਾਲਾ ਸੜਕ ਦੇ ਕਿਨਾਰੇ ਲੱਗੇ ਬੈਰੀਕਾਟ ਤੋੜ ਕੇ 80 ਫੁੱਟ ਡੂੰਘੇ ਖਦਾਨਾਂ ਵਿੱਚ ਡਿੱਗਣ ਤੋਂ ਵਾਲ ਵਾਲ ਬਚ ਗਿਆ ਅਤੇ ਇਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਭਾਵੇਂ ਕਿ ਇਹ ਘਟਨਾ ਸਵੇਰੇ ਲਗਭਗ 11 ਵਜੇ ਦੀ ਹੈ, ਪ੍ਰੰਤੂ ਉਸ ਸਮੇਂ ਵੀ ਸੰਘਣੀ ਧੁੰਦ ਛਾਈ ਹੋਈ ਸੀ। ਡਰਾਇਵਰ ਦੀ ਚੰਗੀ ਕਿਸਮਤ ਹੀ ਕਹਿ ਲਓ ਕਿ ਇਹ ਟਰਾਲਾ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਵਿੱਚ ਫਸ ਗਿਆ ਅਤੇ ਡਰਾਇਵਰ ਦੇ ਮਾਮੂਲੀ ਝਰੀਟਾਂ ਹੀ ਲੱਗੀਆਂ। ਇਟਲੀ ਦੇ ਬਚਾਓ ਪੱਖੀ ਦਸਤਿਆਂ ਨੇ ਤੁਰੰਤ ਵਿਸ਼ੇਸ਼ ਆੱਪ੍ਰੇਸ਼ਨ ਵਿੱਢ ਕੇ ਉਕਤ ਟਰਾਲਾ ਚਾਲਕ ਨੂੰ ਬਾਹਰ ਕੱਢ ਕੇ ਐਬੂਲੈਂਸ ਦੀ ਮਦਦ ਨਾਲ ਵਿਚੈਂਸਾ ਦੇ ਹਸਤਪਾਲ ’ਚ ਪਹੁੰਚਾਇਆ ਜਿੱਥੇ ਕਿ ਹੁਣ ਇਸ ਡਰਾਇਵਰ ਦੀ ਹਾਲਤ ਠੀਕ ਦੱਸੀ ਗਈ ਹੈ।
ਵਿਚੈਂਸਾ : ਟਰਾਲਾ 80 ਫੁੱਟ ਡੂੰਘੀ ਖਾਈ ’ਚ ਡਿੱਗਣ ਤੋਂ ਵਾਲ-ਵਾਲ ਬਚਿਆ
