ਵਿਤੈਰਬੋ (ਇਟਲੀ) 9 ਅਕਤੂਬਰ (ਸਾਬੀ ਚੀਨੀਆਂ) – ਰੋਮ ਤੋਂ 60 ਕਿਲੋਮੀਟਰ ਦੂਰੀ ‘ਤੇ ਪਹਾੜੀਆ ‘ਤੇ ਵੱਸੇ ਸ਼ਹਿਰ ਵਿਤੈਰਬੋ ਵਿਚ ਮਾਹੌਲ ਉਸ ਸਮੇਂ ਖਾਲਸਾਈ ਰੰਗ ਵਿਚ ਰੰਗਿਆ ਗਿਆ ਜਦੋਂ ਕੇਸਰੀ ਤੇ ਨੀਲੀਆਂ ਪੱਗਾਂ ਸਜਾ ਕੇ ਕੇ ਪੁੱਜੀਆਂ ਹਜਾਰਾਂ ਗੁਰਸਿੱਖ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ, ਜੈਕਾਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਤੈਰਬੋ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਲਈ ਪ੍ਰਸ਼ਾਸਨ ਵੱਲੋਂ ਕੀਤੇ ਸੁਚੱਜੇ ਪ੍ਰਬੰਧ ਕਾਬਲੇ ਤਾਰੀਫ ਸਨ। ਨਗਰ ਕੀਰਤਨ ਦਾ ਸ਼ਹਿਰ ਦੇ ਮੁੱਖ ਚੌਕਾਂ ‘ਤੇ ਰਸਤਿਆਂ ਵਿਚੋਂ ਦੀ ਲੰਘਣਾ ਵਿਦੇਸ਼ਾਂ ਵਿਚ ਖਾਲਸਾ ਪੰਥ ਦੀ ਚੜ੍ਹਦੀ ਕਲ੍ਹਾ ‘ਤੇ ਮੋਹਰ ਲਗਾਉਂਦਾ ਹੈ।
ਇਸ ਮੌਕੇ ਬਹੁਤ ਸਾਰੇ ਇਟਾਲੀਅਨ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾ ਕੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਸਿੱਖ ਧਰਮ ਤੇ ਨਗਰ ਕੀਰਤਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਗਤਕੇ ਵਾਲੇ ਸਿੰਘਾਂ ਦੇ ਹੈਰਾਨੀਜਨਕ ਜੌਹਰ ਦੇਖ ਕੇ ਹਰ ਕੋਈ ਦੰਦਾਂ ਥੱਲੇ ਜੀਭ ਦੱਬਣ ਲਈ ਮਜਬੂਰ ਹੋ ਗਿਆ। ਸਥਾਨਕ ਖੇਡ ਸਟੇਡੀਅਮ ਵਿਚ ਸਜਾਏ ਦੀਵਾਨਾਂ ਵਿਚ ਪੁੱਜੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਹਾਜਰੀਆਂ ਭਰਦਿਆਂ ਗੁਰੂ ਜੱਸ ਸਰਵਣ ਕਰਵਾਇਆ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਏ ਸੇਵਾਦਾਰਾਂ ਦਾ ਸਿਰਪਾਉ ਨਾਲ ਸਨਮਾਨ ਕੀਤਾ ਗਿਆ।