ਮਿਲਾਨ (ਇਟਲੀ) 3 ਅਗਸਤ (ਵਿਸ਼ੇਸ਼ ਪ੍ਰਤੀਨਿੱਧ) – ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਜਿੱਥੇ ਸਮੁੱਚੇ ਵਿਸ਼ਵ ਅੰਦਰ ਸੁਚੱਜੇ ਉਪਰਾਲੇ ਹੋ ਰਹੇ ਹਨ, ਉੱਥੇ ਨਾੱਰਥ ਇਟਲੀ ‘ਚ ਸਥਿਤ ਮਿਲਾਨ ਕੌਸਲੇਟ ਜਨਰਲ ਦੁਆਰਾ ਇਟਲੀ ਵਿਚ ਇਸ ਦਿਹਾੜੇ ਨੂੰ ਵੱਡੇ ਪੱਧਰ ‘ਤੇ ਧੂਮਧਾਮ ਨਾਲ ਮਨਾਉਣ ਲਈ ਬੀਤੇ ਦਿਨ ਇਟਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਸਖਸ਼ੀਅਤਾਂ ਨਾਲ਼ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਮੁੱਖ ਕੌਸਲੇਟ ਜਨਰਲ ਸ਼੍ਰੀ ਬਿਨੋਈ ਜਾਰਜ ਦੁਆਰਾ ਕੀਤੀ ਗਈ। ਮੀਟਿੰਗ ਦੌਰਾਨ ਇਟਲੀ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵੀ ਵਿਚਾਰ ਵਟਾਂਦਰੇ ਕੀਤੇ ਗਏ। ਕੌਸਲਟ ਸ਼੍ਰੀ ਰਾਜੇਸ਼ ਭਾਟੀਆ ਨੇ ਦੱਸਿਆ ਕਿ, ਮਿਲਾਨ ਕੌਸਲੇਟ ਜਨਰਲ ਦੁਆਰਾ ਨਾੱਰਥ ਇਟਲੀ ‘ਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸੰਗਤ ਦੇ ਸਹਿਯੋਗ ਨਾਲ਼ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਜਿਸ ਤਹਿਤ ਮਿਤੀ 8 ਸਤੰਬਰ ਨੂੰ ਕਰੇਮੋਨਾ, 25 ਸਤੰਬਰ ਨੂੰ ਨੋਵੇਲਾਰਾ, 26 ਸਤੰਬਰ ਨੂੰ ਫਲੇਰੋ ਅਤੇ 27 ਸਤੰਬਰ ਨੂੰ ਬੁਲਜਾਨੋ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਇਨਾਂ ਸਮਾਗਮਾਂ ਵਿਚ ਦਿੱਲੀ ਤੋਂ ਵਿਸ਼ੇਸ਼ ਟੀਮਾਂ ਪਹੁੰਚਣਗੀਆਂ। ਇਸੇ ਪ੍ਰਕਾਰ ਹੋਰ ਸ਼ਹਿਰਾਂ ‘ਚ ਹੋਣ ਵਾਲੇ ਇਨਾਂ ਧਾਰਮਿਕ ਸਮਗਾਮਾਂ ਦੀ ਜਾਣਕਾਰੀ ਵੀ ਸਿੱਖ ਭਾਈਚਾਰੇ ਨੂੰ ਬਹੁਤ ਜਲਦ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਸਿੱਖ ਸਖਸ਼ੀਅਤਾਂ ਅਤੇ ਪ੍ਰਬੰਧਕ ਕਮੇਟੀਆਂ ਦੁਆਰਾ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੌਸਲੇਟ ਜਨਰਲ ਦੁਆਰਾ ਕੀਤੇ ਜਾ ਰਹੇ ਵਡਮੁੱਲੇ ਉਪਰਾਲਿਆਂ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।