in

ਸਤਿੰਦਰ ਕੌਰ ਸੋਨੀਆ ਨੇ ਪੁਲਿਸ ਵਿੱਚ ਨੌਕਰੀ ਹਾਸਲ ਕਰਕੇ ਕੀਤਾ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਜਿੱਥੇ ਬੀਤੇ ਸਾਲ ਅਤੇ ਮੌਜੂਦਾ ਸਮੇਂ ਦੌਰਾਨ ਆਏ ਵਿਦਿਅਕ ਅਦਾਰਿਆਂ ਦੇ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਨੇ 100/100 ਅੰਕ ਪ੍ਰਾਪਤ ਕਰਕੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਅਤੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਗਿਆ ਹੈ, ਉਥੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਇੱਕ ਹੋਰ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ. ਇਟਲੀ ਵਿੱਚ ਇੱਕ ਪੰਜਾਬਣ ਲੜਕੀ ਸਤਿੰਦਰ ਕੌਰ ਸੋਨੀਆ ਨੇ ਲੋਕਲ ਪੁਲਿਸ (ਪੋਲੀਸੀਆ ਲੋਕਾਲੇ) ਵਿੱਚ ਨੌਕਰੀ ਪ੍ਰਾਪਤ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਇਟਲੀ ਦੇ ਪ੍ਰਸਿੱਧ ਪਾਣੀ ਵਾਲੇ ਸ਼ਹਿਰ ਵੇਨਿਸ ਨੇੜੇ ਪੈਂਦੇ ਸ਼ਹਿਰ ਪੋਰਦੀਨੋਨੇ ਦੀ ਵਸਨੀਕ ਸਤਿੰਦਰ ਕੌਰ ਸੋਨੀਆ ਨੇ ਆਪਣੀ ਲਗਨ, ਸਖ਼ਤ ਮਿਹਨਤ ਸਦਕਾ ਵਿੱਦਿਆ ਵਿੱਚ ਉੱਚ ਪੱਧਰੇ ਅੰਕ ਪ੍ਰਾਪਤ ਕਰਕੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਇਟਲੀ ਪੁਲਿਸ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ.
ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਤਿੰਦਰ ਕੌਰ ਸੋਨੀਆ ਨੇ ਦੱਸਿਆ ਕਿ, ਉਸਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਅਤੇ ਇਟਲੀ ਦੇ ਵੇਨਿਸ ਸ਼ਹਿਰ ਵਿੱਚ ਪਰਿਵਾਰ ਪਿਤਾ ਮਹਿੰਦਰ ਸਿੰਘ, ਮਾਤਾ ਬਲਜੀਤ ਕੌਰ, ਭਰਾ ਗੁਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨਾਲ ਸਬੰਧਤ ਹੈ। ਪਰਿਵਾਰ ਦੀ ਲਾਡਲੀ ਧੀ ਰਾਣੀ ਸਤਿੰਦਰ ਕੌਰ ਦੀ ਇਸ ਸਮੇਂ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਇਲਾਕੇ ਵਿੱਚ ਨਿਯੁਕਤੀ ਹੋਈ ਹੈ ,ਸਤਿੰਦਰ ਕੌਰ ਨੇ ਦੱਸਿਆ ਕਿ ਮੈਂ ਜ਼ੋ ਕੁਝ ਵੀ ਅੱਜ ਹਾਂ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਸਹਿਯੋਗ ਨਾਲ ਹਾਂ ਕਿਉਂਕਿ ਉਨ੍ਹਾਂ ਦੀ ਅਗਾਂਹ-ਵਧੂ ਸੋਚ ਸਦਕਾ ਹੀ ਇਸ ਨੌਕਰੀ ਦੀ ਪ੍ਰਾਪਤੀ ਕਰਨ ਤੱਕ ਪਹੁੰਚ ਸਕੀ ਹਾਂ. ਇਸ ਤੋਂ ਇਲਾਵਾ ਸਤਿੰਦਰ ਕੌਰ ਸੋਨੀਆ ਨੇ ਦੱਸਿਆ ਕਿ ਉਸ ਦੀ ਸ਼ਰਧਾ ਪੰਜਾਬ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਨਾਲ ਹੈ ਅਤੇ ਮੇਰੀ ਇਸ ਨੌਕਰੀ ਦਾ ਸਿਹਰਾ ਵੀ ਗੁੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਸਥਾਨ ਨੂੰ ਹੀ ਜਾਂਦਾ ਹੈ.
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਨ 2017 ਵਿੱਚ ਇਟਲੀ ਦੇ ਕਰੇਮੋਨਾ ਦੇ ਸ਼ਹਿਰ ਕਰੇਮਾ ਨਗਰ ਕੌਂਸਲ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰ ਦਾ ਨਾਂਮ ਰੌਸਨ ਕਰ ਚੁੱਕੀ ਹੈ । ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਸਮੇਤ ਭਾਰਤ ਵਸਦੇ ਪਰਿਵਾਰ ਦੇ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਤਿੰਦਰ ਕੌਰ ਸੋਨੀਆ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ, ਦੱਸਣਯੋਗ ਹੈ ਕਿ ਸਤਿੰਦਰ ਕੌਰ ਸੋਨੀਆ ਨੇ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਧੀਆਂ ਨੂੰ ਇਸ ਕਾਬਿਲ ਬਣਾਉਣ ਅਤੇ ਪੜ੍ਹਾਈ ਕਰਵਾਉਣ ਕਿ ਉਨ੍ਹਾਂ ਦੀਆਂ ਬੱਚੀਆਂ ਪੜ੍ਹ ਲਿਖ ਕੇ ਸਰਕਾਰੀ ਜਾ ਪ੍ਰਾਈਵੇਟ ਨੌਕਰੀਆਂ ਹਾਸਲ ਕਰ ਸਕਣ।

ਇਟਲੀ : ਜੁਲਾਈ ਦੇ ਅੰਤ ਤੱਕ 60 ਪ੍ਰਤੀਸ਼ਤ ਟੀਕੇ ਲਗਾਉਣ ਦੀ ਉਮੀਦ

ਸ਼ੁੱਭਨੀਤ ਕੌਰ ਨੇ ਪੜ੍ਹਾਈ ਵਿੱਚੋ 100 ਪ੍ਰਤੀਸ਼ਤ ਅੰਕ ਹਾਸਲ ਕਰਕੇ ਮਾਪਿਆਂ ਤੇ ਭਾਰਤ ਦਾ ਨਾਮ ਚਮਕਾਇਆ