ਰੋਮ (ਇਟਲੀ) (ਟੇਕਚੰਦਜਗਤਪੁਰ) – ਇਟਲੀ ਵਿਚ ਵਸਦੀਆਂ ਪੰਜਾਬਣਾਂ ਨੇ ਤੀਆਂ ਦੇ ਤਿਉਹਾਰ ਮੌਕੇ ਵੇਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਜੰਮੂ ਸ਼ਾਹੀ ਇੰਡੀਅਨ ਰੈਸਟੋਰੈਂਟ ਵਿੱਚ ਇਕੱਤਰ ਹੋ ਕੇ ਗਿੱਧੇ ਅਤੇ ਬੋਲੀਆਂ ਦੇ ਨਾਲ਼ ਰੰਗ ਬੰਨ੍ਹ ਦਿੱਤਾ ਅਤੇ ਸਾਰਿਆਂ ਨੂੰ ਝੂਮਣ ਲਗਾ ਦਿੱਤਾ। ਇਨਾਂ ਪੰਜਾਬਣਾਂ ਨੇ ਬਹੁਤ ਹੀ ਪੁਰਾਤਨ ਢੰਗ ਦੇ ਨਾਲ਼ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਰੰਗ ਰਰਖੇ ਚਲਾਉਣ ਅਤੇ ਪੱਖੀਆਂ ਝੱਲਣ ਦੀ ਪੇਸ਼ਕਾਰੀ ਕਰਦਿਆਂ ਬੋਲੀਆਂ ਅਤੇ ਲੋਕ ਗੀਤਾਂ ਦੇ ਨਾਲ਼ ਮਾਹੌਲ ਨੂੰ ਰੰਗਰੀਨ ਬਣਾ ਦਿੱਤਾ।
ਯੂ ਕੇ ਤੋਂ ਪਹੁੰਚੀ ਬਲਜੀਤ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ਼ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਕੁਲਵਿੰਦਰ ਕੌਰ ਹੀਰ ਨੇ “ਇਨਾਂ ਅੱਖੀਆਂ ਚ ਪਾਵਾਂ ਕਿਵੇ ਕਜਲਾ” ਗੀਤ ਗਾ ਕੇ ਤੀਆਂ ਦੇ ਇਸ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾਇਆ। ਨਰਿੰਦਰ ਕੌਰ, ਚਰਨਜੀਤ ਕੌਰ, ਗੁਰਦੀਪ ਕੌਰ, ਬਲਜੀਤ ਕੌਰ, ਕੁਲਵਿੰਦਰ ਹੀਰ, ਅਨੀਤਾ, ਅਮਨਦੀਪ, ਮੋਨਿਕਾ, ਰੁਪਿੰਦਰ ਕੌਰ ਨੇ ਫੁਲਕਾਰੀਆਂ ਪਹਿਨ ਕੇ ਗਿੱਧੇ ਅਤੇ ਵੱਖ ਵੱਖ ਬੋਲੀਆਂ ਦੇ ਨਾਲ਼ ਪੰਜਾਬੀ ਸੱਭਿਆਚਾਰਕ ਵੰਨਗੀਆਂ ਦੀ ਬਾਖੂਬੀ ਝਲਕ ਪੇਸ਼ ਕਰ ਦਿੱਤੀ।