ਸਨਬੋਨੀਫਾਚੋ (ਇਟਲੀ) 29 ਦਸੰਬਰ (ਟੇਕ ਚੰਦ ਜਗਤਪੁਰ) – ਸਿੱਖ ਧਰਮ ਦੀ ਮਹਾਨਤਾ ਤੇ ਵਿਸ਼ਾਲਤਾ ਤੋਂ ਵਿਦੇਸ਼ੀ ਲੋਕ ਅਕਸਰ ਪ੍ਰਭਾਵਿਤ ਹੁੰਦੇ ਦਿਖਾਈ ਦਿੰਦੇ ਹਨ। ਜਿਸ ਤਹਿਤ ਕੈਨੇਡਾ ਅਮਰੀਕਾ ਅਤੇ ਯੂਰਪ ਦੇ ਦੂਜੇ ਮੁਲਕਾਂ ‘ਚ ਸਥਿਤ ਗੁਰਦੁਆਰਿਆਂ ਵਿੱਚ ਵੀ ਅਜਿਹੇ ਵਿਦੇਸ਼ੀ ਲੋਕ ਕਦੇ ਨਾ ਕਦੇ ਪਹੁੰਚਦੇ ਹਨ। ਇਸੇ ਪ੍ਰਕਾਰ ਬੀਤੇ ਦਿਨ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਇਟਾਲੀਅਨ ਮੁੰਡੇ ਕੁੜੀਆਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਦੀਵਾਨ ਸੁਣਨ ਉਪਰੰਤ ਇਨ੍ਹਾਂ ਨੌਜਵਾਨਾਂ ਨੇ ਸਿੱਖ ਧਰਮ ਦੇ ਸਿਧਾਤਾਂ, ਗੁਰਬਾਣੀ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਸ਼ਾਨਾਮੱਤੀ ਸਿੱਖ ਇਤਿਹਾਸ ਬਾਰੇ ਜਾਣ ਕੇ ਇਹ ਨੌਜਵਾਨ ਅਤਿ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਸਿੱਖ ਧਰਮ ਬਾਰੇ ਭਵਿੱਖ ਵਿੱਚ ਹੋਰ ਵੀ ਵਿਸਥਾਰਪੂਰਵਕ ਜਾਣਨ ਬਾਰੇ ਉਤਸੁਕਤਾ ਵੀ ਜਾਹਿਰ ਕੀਤੀ। ਇਕ ਪਾਸੇ ਅੱਜ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਗੌਰਵਮਈ ਸਿੱਖੀ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ, ਉੱਥੇ ਵਿਦੇਸ਼ੀ ਲੋਕਾਂ ਦਾ ਸਿੱਖਇਜਮ ਪ੍ਰਤੀ ਵਧ ਰਿਹਾ ਰੁਝਾਨ ਸਿੱਖ ਧਰਮ ਦੀ ਮਹਾਨਤਾ ਤੇ ਵਿਸ਼ਾਲਤਾ ਦਾ ਪ੍ਰਗਟਾਵਾ ਕਰਦਾ ਹੈ।