in

ਸਬਾਊਦੀਆ : ਧੂਮਧਾਮ ਨਾਲ ਮਨਾਇਆ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ

ਰੋਮ (ਇਟਲੀ) (ਦਲਵੀਰ ਕੈਂਥ) – ‘ਜੱਗ ਫੁੱਲਵਾੜੀ ਦਾ ਉਹ ਮਾਲੀ ਆ ਗਿਆ, ਸਾਰਿਆਂ ਦਾ ਬਣਕੇ ਉਹ ਬਾਲੀ ਆ ਗਿਆ,ਸਾਨੂੰ ਉੱਨਤੀ ਦੇ ਰਾਹੇ ਪਾ ਗਿਆ, ਦਿਓ ਨੀਂ ਵਧਾਈਆਂ ਸਈਓਂ ਰਲ੍ਹ ਮਿਲ੍ਹਕੇ,ਗੁਰੂ ਰਵਿਦਾਸ ਜੱਗ ਉੱਤੇ ਆ ਗਿਆ, ਕਾਂਸ਼ੀ ਵਿੱਚ ਚੰਨ ਚੜ੍ਹਿਆ ਮਾਤਾ ਕਲਸਾ ਨੂੰ ਮਿਲਣ ਵਧਾਈਆਂ, ਤੇ ਸਾਨੂੰ ਗਿੱਦੜੋਂ ਸ਼ੇਰ ਬਣਾਇਆ ਸਾਡੇ ਸਤਿਗੁਰੂ ਨੇ ਆਢਾ ਮਨੂੰਬਾਦ ਨਾਲ ਲਾਇਆ ਸਾਡੇ ਸਤਿਗੁਰੂ ਨੇ, ਆਦਿ ਹੋਰ ਅਨੇਕਾਂ ਧਾਰਮਿਕ ਗੀਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਭਰੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਗਾ ਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਈ ਵਿਸ਼ਵ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਨੇ, ਜਿਹੜੇ ਕਿ ਅੱਜਕਲ੍ਹ ਆਪਣੀ ਯੂਰਪ ਫੇਰੀ ਉੱਤੇ ਹਨ।
ਗੁਰਪੁਰਬ ਸਮਾਗਮ ਮੌਕੇ ਸੰਗਤਾਂ ਨਾਲ ਨੱਕੋ-ਨੱਕ ਭਰੇ ਪੰਡਾਲ ਵਿੱਚ ਲੋਕ ਗਾਇਕ ਬੂਟਾ ਮੁਹੰਮਦ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਅਜਿਹੀ ਭਗਤੀ ਭਰੀ ਲਹਿਰ ਚਲਾਈ ਕਿ ਸਾਰਾ ਪੰਡਾਲ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ” ਨਾਲ ਗੂੰਜ ਉੱਠਿਆ।
ਗੁਰਪੁਰਬ ਮੌਕੇ ਸੱਜੇ ਦੀਵਾਨਾਂ ਤੋਂ ਭਾਈ ਮਨਜੀਤ ਕੁਮਾਰ ਮੁੱਖ ਗ੍ਰੰਥੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆਂ ਨੇ ਵੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਸਰਵਣ ਕਰਵਾਈ। ਹੋਰ ਵੀ ਕਈ ਕੀਰਤਨੀਏ ਜਥਿਆਂ ਨੇ ਗੁਰਪੁਰਬ ਮੌਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈਆਂ ਸੰਗਤਾਂ ਨੂੰ ਧਾਰਮਿਕ ਧਾਰਨਾਵਾਂ ਨਾਲ ਨਿਹਾਲ ਕੀਤਾ।
ਆਗਮਨ ਪੁਰਬ ਦੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਝੈ ਤੌਰ ‘ਤੇ ਸ਼੍ਰੀ ਨਿਸ਼ਾਨ ਸਾਹਿਬ ਦੀ ਰਸਮ ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਕੀਤੀ। ਉਪੰਰਤ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਦੌਰਾਨ ਸਾਰਾ ਦਿਨ ਚੱਲੇ ਧਾਰਮਿਕ ਦੀਵਾਨਾਂ ਨੂੰ ਹਾਜਰੀਨ ਸੰਗਤਾਂ ਬਹੁਤ ਹੀ ਸ਼ਰਧਾਭਾਵਨਾ ਤੇ ਇੱਕ ਮਨ ਚਿੱਤ ਹੋ ਸੁਣਿਆ। ਆਈਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਗੁਰੂ ਦੇ ਲੰਗਰ ਅਤੁੱਟ ਵਰਤੇ।
ਇਸ ਮੌਕੇ ਲੋਕ ਗਾਇਕ ਬੂਟਾ ਮੁਹੰਮਦ, ਸਥਾਨਕ ਪ੍ਰਸਾਸ਼ਨਕ ਅਧਿਕਾਰੀਆਂ ਤੇ ਸਮੂਹ ਸੇਵਦਾਰਾਂ ਦਾ ਪ੍ਰਬੰਧਕਾਂ ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।ਇਸ ਪਾਵਨ ਤੇ ਪਵਿੱਤਰ ਦਿਹਾੜੇ ਦੇ ਸਮਾਗਮਾਂ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਰੋਮ, ਗੁਰਦੁਆਰਾ ਸਿੰਘ ਸਭਾ ਮਿਲੀਆਰਾ ਨੰਬਰ 47 ਪੁਨਤੀਨੀਆ, ਫੌਂਦੀ, ਸਬਾਊਦੀਆਂ, ਬੋਰਗੋ ਹੇਰਮਾਦਾ, ਸਨਫੀਲੀਚੇ ,ਸਨਵੀਤੋ ਲਾਤੀਨਾ, ਬੇਲਾਫਾਰਨੀਆਂ ਆਦਿ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਦੀ ਪ੍ਰਬੰਧਕ ਕਮੇਟੀ ਨੇ ਹਾਜ਼ਰੀਨ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸਭ ਦਾ ਗੁਰਦੁਆਰਾ ਸਾਹਿਬ ਸ਼ਿਰਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਪ੍ਰਮੁੱਖ ਹਸਤੀਆਂ ਨੂੰ ਫੈਲੋਸ਼ਿਪ ਦੇਣ ਦੇ ਫੈਸਲੇ ਦਾ ਸਾਹਿਤ ਸੁਰ ਸੰਗਮ ਤੇ ਭਾਈਚਾਰੇ ਵੱਲੋਂ ਸੁਆਗਤ

ਲਾਸੀਓ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸ਼ਰਧਾ ਅਤੇ ਨਾਲ ਮਨਾਇਆ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ