ਰੋਮ (ਇਟਲੀ) (ਕੈਂਥ) – ਮੋਗਾ ਜਿਲ੍ਹੇ ਦੇ ਪਿੰਡ ਸੇਖਾ ਖੁਰਦ ਵਿੱਚ ਗਰੀਬ ਮਜਦੂਰਾਂ ਦੀਆਂ ਦੋ ਧੀਆਂ ਦਾ ਪਿੰਡ ਦੇ ਹੀ ਧਨਾਢ ਜਾਤੀ ਹੰਕਾਰੇ ਸਰਪੰਚ ਦੇ ਮੁੰਡੇ ਨੇ ਕਾਂਗਰਸ ਸਰਕਾਰ ਦੀ ਤਾਕਤ ਦੇ ਨਸ਼ੇ ਵਿੱਚ ਚੂਰ ਦੋਹਾਂ ਨੂੰ ਆਪਣੀ ਕਾਰ ਵਿੱਚ ਅਗਵਾ ਕਰਕੇ ਪਿਉ ਦੀ ਰਿਵਾਲਵਰ ਨਾਲ ਦੋਹਾਂ ਭੈਣਾਂ ਦਾ ਕਤਲ ਕਰ ਦਿੱਤਾ। ਇਹ ਘਟਨਾ ਬੇਹੱਦ ਦੀ ਦੁਖਦਾਈ ਅਤੇ ਸ਼ਰਮਨਾਕ ਹੈ, ਜਿਸ ਲਈ ਪਰਿਵਾਰਾਂ ਵਾਲ਼ਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਅਹਿਮ ਲੋੜ ਹੈ, ਕਿਉਂਕਿ ਪਹਿਲਾ ਗੱਲਾਂ ਦੂਰ ਦੂਰ ਦੀਆਂ ਸੁਣਦੇ ਸੀ ਹੁਣ ਇਹ ਅੱਗ ਗ਼ੈਰਮਨੁੱਖੀ ਰਵੱਈਏ ਦੀ ਆਪਣੇ ਘਰਾਂ ਤੱਕ ਪਹੁੰਚ ਚੁੱਕੀ ਹੈ ਜੇ ਹੁਣ ਵੀ ਕੋਈ ਨਾ ਬੋਲਿਆ ਤੇ ਚੁੱਪ ਬੈਠ ਗਏ ਤਾਂ ਬਹੁਤ ਹੀ ਆਪਣੇ ਹੱਥੀ ਇਨਸਾਫ਼ ਨੂੰ ਦਫ਼ਨ ਕਰਨ ਵਾਲੀ ਗੱਲ ਹੋਵੇਗੀ।
ਇਸ ਅਤਿਅੰਤ ਦੁਖਦਾਈ ਘਟਨਾ ਤੇ ਫਰਾਂਸ ਦੇ ਸਮਾਜ ਸੇਵੀ ਗਰੀਬ ਮਜਲੂਮਾਂ ਤੇ ਨਾਲ ਹਮੇਸ਼ਾ ਖੜਨ ਵਾਲੇ ਰਾਮ ਸਿੰਘ ਮੈਂਘੜਾ ਨੇ ਗਹਿਰਾ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਘਟਨਾ ਨਾਲ ਇਨਸਾਨੀਅਤ ਪਸੰਦ ਲੋਕਾਂ ਦੇ ਮਨ ਵਿਚ ਭਾਰੀ ਰੋਸ ਹੈ ਜਿਸ ਲਈ ਹਰ ਇਨਸਾਨ ਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਚਾਹੇ ਉਹ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਵਿੱਚ ਬੈਠਾ ਹੋਵੇ।
ਪੰਜਾਬੀਆਂ ਕੋਲ ਪਿਛਲੇ ਦੋ ਦਹਾਕਿਆਂ ਵਿਚ ਹਥਿਆਰ ਤਾਂ ਬਹੁਤ ਆ ਗਏ ਹਨ ਪਰ ਲੋਕਾਂ ਦਾ ਸਤਿਕਾਰ,ਤਹਿਜ਼ੀਬ ਅਤੇ ਤਾਲੁਕਾਤ ਗੁਆਚ ਰਹੇ ਹਨ। ਦੁੱਲੇ ਭੱਟੀ ਦੇ ਵਾਰਸ ਆਪਣੀਆਂ ਧੀਆਂ-ਭੈਣਾਂ ਦੀ ਵਾਲੀਆਂ ਲਾਹ ਰਹੇ ਹਨ।ਨਸ਼ੇੜੀ ਪੁੱਤ ਆਪਣੀਆਂ ਹੀ ਮਾਂਵਾਂ ਦੇ ਪਰਸ ਖੋਹ ਰਹੇ ਹਨ। ਆਪਣੀ ਹੀ ਮਿੱਟੀ ਧੀਆਂ-ਭੈਣਾਂ ਦੇ ਲਹੂ ਵਿਚ ਹੱਥ ਰੰਗ ਰਹੇ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਸ਼ੇਖਾ ਖੁਰਦ ਵਿਖੇ ਇਕ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਨੂੰ ਇਕ ਸਰਪੰਚ ਦੇ ਵਿਗੜੈਲ ਜਗੀਰੂ ਸੋਚ ਵਾਲੇ ਮੁੰਡੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਪੰਜਾਬੀ ਖ਼ਿੱਤੇ ਦੇ ਇਖ਼ਲਾਕੀ ਤੌਰ ਤੇ ਗਰਕਨ ਦੀ ਇੰਤਹਾ ਹੋ ਰਹੀ ਹੈ। ਇਹ ਬਿਲਕੁਲ ਉਸ ਮਿੱਟੀ ਤੇ ਵਾਪਰ ਰਿਹਾ ਹੈ, ਜਿਸ ਮਿੱਟੀ ਵਿਚ ਜਨਮ ਲੈ ਕੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ-
ਦੇਖ ਪਰਾਈਆਂ ਚੰਗੀਆਂ ਮਾਂਵਾਂ ਧੀਆਂ ਭੈਣਾਂ ਜਾਣੈ
ਜਿੱਥੇ ਦੁੱਲੇ ਭੱਟੀ ਨੇ ਦੋ ਧੀਆਂ ਦੇ ਬਦਲੇ ਹਕੂਮਤ ਨਾਲ ਆਢਾ ਲਾ ਲਿਆ ਸੀ ਪਰ ਇਹ ਕੌਣ ਲੋਕ ਹਨ ਜੋ ਪੰਜਾਬ ਦੀ ਧੀ ਦੇ ਹੱਤਿਆਰੇ ਬਣ ਰਹੇ ਹਨ।ਇਹ ਕਤਲ ਸਾਡੇ ਸਮਾਜ ਦੀ ਮਨੋ ਧਰਾਤਲ ਵਿਚ ਦਰਿੰਦਗੀ ਦੇ ਅੰਸ਼ਾਂ ਦੀ ਘਿਣਾਉਣੀ ਤਸਵੀਰ ਬਿਆਨ ਕਰਦੇ ਹਨ।
ਇਹੋ ਜਿਹੈ ਗੁੰਡਿਆਂ ਤੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇ ਫਾਸਟ ਟ੍ਰੈਕ ਅਦਾਲਤ ਰਾਹੀ ਇਸ ਨੂੰ ਫਾਂਸੀ ਦੀ ਸਜਾ ਦਿਤੀ ਜਾਵੇ। ਇਸ ਘਟਨਾ ਦੀ ਮੁਖਤਿਆਰ ਕੌਲ ,ਪਰਮਿੰਦਰ ਸਿੰਘ ,ਰਾਜ ਕੌਲ ,ਸ਼ਸ਼ੀ ਪਾਲ ਨੇ ਵੀ ਜੋਰਦਾਰ ਸ਼ਬਦਾ ਵਿਚ ਇਸ ਘਟਨਾ ਦੀ ਨਿਖੇਧੀ ਕੀਤੀ।