ਮਿਲਾਨ (ਇਟਲੀ) 7 ਅਗਸਤ (ਵਿਸ਼ੇਸ਼ ਪ੍ਰਤੀਨਿੱਧ) – ਭਾਰਤ ਦੀ ਮੌਜੂਦਾ ਮੋਦੀ ਸਰਕਾਰ ਦੁਆਰਾ ਇਤਿਹਾਸਕ ਕਦਮ ਪੁੱਟਦਿਆਂ ਦੋਵੇਂ ਸਦਨਾਂ ਵਿਚ ਬਿੱਲ ਪਾਸ ਕਰਕੇ ਜੰਮੂ ਕਸ਼ਮੀਰ ਪ੍ਰਾਂਤ ‘ਚੋਂ ਧਾਰਾ 370 ਨੂੰ ਹਟਾਉਣ ਦੇ ਯਤਨ ਦੀ ਦੇਸ਼-ਵਿਦੇਸ਼ ਅੰਦਰ ਭਰਪੂਰ ਸ਼ਾਲਘਾ ਕੀਤੀ ਜਾ ਰਹੀ ਹੈ। ਯੂਰਪ ਦੇ ਵੱਖ ਵੱਖ ਮੁਲਕਾਂ ਸਮੇਤ ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਦੁਆਰਾ ਭਾਰਤ ਸਰਕਾਰ ਦੀ ਇਸ ਪ੍ਰਾਪਤੀ ‘ਤੇ ਅਥਾਂਹ ਖੁਸ਼ੀ ਵੀ ਪ੍ਰਗਟਾਈ ਜਾ ਰਹੀ ਹੈ। ਬਹੁਤਾਤ ਵਿਚ ਪ੍ਰਮੁੱਖ ਸਖਸ਼ੀਅਤਾਂ ਅਨੁਸਾਰ, ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਨਾਲ ਉੱਥੋਂ ਦੇ ਆਵਾਮ ਦਾ ਜੀਵਨ ਪੱਧਰ ਉੱਚਾ ਹੋਵੇਗਾ ਤੇ ਸੂਬੇ ਵਿਚੋਂ ਗਰੀਬੀ ਦੂਰ ਹੋਵੇਗੀ, ਕਿਉਂਕਿ ਹੁਣ ਉੱਥੇ ਦੂਜੇ ਸੂਬਿਆਂ ‘ਚੋਂ ਕੋਈ ਵੀ ਵਿਅਕਤੀ ਜਮੀਨ ਖਰੀਦ ਸਕੇਗਾ, ਜਿਸ ਨਾਲ ਉਦਯੋਗ ਵਧਣਗੇ ਅਤੇ ਫੈਕਟਰੀਆਂ ਲੱਗਣਗੀਆਂ। ਅਜਿਹਾ ਹੋਣ ਨਾਲ ਜੰਮੂ ਦੇ ਪੜ੍ਹੇ ਲਿਖੇ ਬੇਰੁਜਗਾਰਾਂ ਨੂੰ ਨੌਕਰੀਆਂ ਮਿਲਣਗੀਆਂ ਅਤੇ ਸੂਬੇ ਵਿੱਚ ਤਰੱਕੀ ਤੇ ਖੁਸ਼ਹਾਲੀ ਦਾ ਨਵਾਂ ਦੌਰ ਸੂਰੂ ਹੋਵੇਗਾ। ਅਜਿਹਾ ਹੋਣ ਨਾਲ ਪਾਕਿਸਤਾਨ ਦੇ ਉਨਾਂ ਮਨਸੂਬਿਆਂ ‘ਤੇ ਪਾਣੀ ਵੀ ਫਿਰ ਗਿਆ ਹੈ, ਜਿਸ ਤਹਿਤ ਪਾਕਿਸਤਾਨ ਭਾਰਤ ਦੇ ਜੰਮੂ ਕਸਮæੀਰ ਦੀ ਧਰਤੀ ‘ਤੇ ਅੱਖ ਰੱਖੀ ਬੈਠਾ ਸੀ ਅਤੇ ਉੱਥੋਂ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਪੈਦਾ ਕਰਕੇ ਮਾਹੌਲ ਖਰਾਬ ਕਰ ਰਿਹਾ ਸੀ। ਦੱਸਣਯੋਗ ਹੈ ਕਿ ਮੌਜੂਦਾ ਸਰਕਾਰ ਜੰਮੂ ਵਿੱਚ ਹਰ ਹੀਲੇ ਸ਼ਾਂਤੀ ਪੈਦਾ ਕਰਨੀ ਚਾਹੁੰਦੀ ਸੀ ਤਾਂ ਜੋ ਅੱਤਵਾਦ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਮਾਸੂਮ ਲੋਕਾਂ ਦੀ ਜਾਨ ਦੀ ਹਿਫਾਜਤ ਵੀ ਕੀਤੀ ਜਾ ਸਕੇ। ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਭਾਰਤ ਸਰਕਾਰ ਜੰਮੂ ਬਾਰੇ ਕਿਸੇ ਵੀ ਕਿਸਮ ਦਾ ਫੈਸਲਾ ਖੁਦ ਲੈ ਸਕੇਗੀ ਅਤੇ ਜੰਮੂ ਦੀ ਤਰੱਕੀ ਦੇ ਦਰਵਾਜੇ ਖੁੱਲ੍ਹਣਗੇ। ਇਸ ਇਤਿਹਾਸਕ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਸਰਕਾਰ ਵਧਾਈ ਦੀ ਹੱਕਦਾਰ ਹੈ।