ਰੋਮ (ਇਟਲੀ) (ਕੈਂਥ) – ਪੰਜਵੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 418ਵੇਂ ਸ਼ਹੀਦੀ ਦਿਵਸ ਤੇ ਸੰਨ 1984 ਵਿੱਚ ਹਕੂਮਤ ਵੱਲੋਂ ਕਰਵਾਏ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਸ਼ਾਲ ਸ਼ਹੀਦੀ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਗਿਆ।
ਇਸ ਸ਼ਹੀਦੀ ਸਮਾਗਮ ਦੌਰਾਨ ਵਿਸ਼ਾਲ ਕੀਰਤਨ ਦਰਬਾਰ ਸਜਾਏ ਗਏ. ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ, ਰਾਗੀ, ਢਾਡੀ ਤੇ ਕਥਾ ਵਾਚਕ ਮਹਾਨ ਸਿੱਖ ਧਰਮ ਦਾ ਲਾਸਾਨੀ ਕੁਰਬਾਨੀਅਂ ਨਾਲ ਭਰਿਆ ਇਤਿਹਾਸ ਸਰਵਣ ਕਰਵਾਇਆ ਗਿਆ। ਜਿਸ ਵਿੱਚ ਭਾਈ ਬਲਜਿੰਦਰ ਸਿੰਘ ਦਮਦਮੀ ਟਕਸਾਲ ਵਾਲੇ ਤੇ ਕਵੀਸ਼ਰ ਜਥਾ ਜਾਗੋ ਵਾਲਾ ਨੇ ਇੰਗਲੈਂਡ ਦੀ ਧਰਤੀ ਤੋਂ ਪਹੁੰਚ ਕੇ ਸੰਗਤਾਂ ਦੀ ਸ਼ਹੀਦੀ ਦਿਹਾੜੇ ਦੇ ਇਤਿਹਾਸ ਤੋ ਜਾਣੂ ਕਰਵਾਇਆ।
ਇਸ ਮੌਕੇ ਬਾਬਾ ਜੌਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਦਸਤਾਰ ਲਹਿਰ ਇਟਲੀ ਦੇ ਸਹਿਯੋਗ ਨਾਲ ਤੇ ਮਿਸ਼ਲ ਮੀਰੀ ਪੀਰੀ ਰੋਮਾ ਬੁੱਢਾ ਦਲ ਇਟਲੀ ਦੇ ਸਿੰਘਾਂ ਦੀ ਰਹਿਨੁਮਾਈ ਹੇਠ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਗੁਰਮਤਿ ਮਕਾਬਲਿਆਂ ਵਿੱਚ ਕੁੱਲ 18 ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਪਹਿਲਾ ਦਰਜਾ ਗੁਰਜੋਤ ਸਿੰਘ, ਦੂਜਾ ਦਰਜ਼ਾ ਜਸਲੀਨਦੀਪ ਕੌਰ ਤੇ ਤੀਜਾ ਦਰਜ਼ਾ ਮਨਦੀਪ ਕੌਰ ਨੇ ਹਾਸਲ ਕੀਤਾ। ਦੂਜੇ ਪਾਸੇ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲਿਆਂ ਵਿੱਚ ਕੁੱਲ 12 ਬੱਚਿਆਂ ਨੇ ਭਾਗ ਲਿਆ. ਜਿਸ ਵਿੱਚ ਦੁਮਾਲਾ ਸਜਾਉਣ ਮੁਕਾਬਲੇ ਵਿੱਚ ਪਹਿਲਾ ਦਰਜਾ ਪ੍ਰਿਥਮਵੀਰ ਸਿੰਘ, ਦੂਜਾ ਰਾਜਵਿੰਦਰ ਸਿੰਘ ਤੇ ਤੀਜਾ ਜਸਲੀਨਦੀਪ ਕੌਰ ਨੇ ਹਾਸਲ ਕੀਤਾ। ਦਸਤਾਰ ਮੁਕਾਬਲੇ ਵਿੱਚ ਪਹਿਲਾ ਦਰਜਾ ਜੌਬਨਪ੍ਰੀਤ ਸਿੰਘ, ਦੂਜਾ ਹਰਪ੍ਰਤਾਪ ਸਿੰਘ ਤੇ ਤੀਜਾ ਤਰਨਜੀਤ ਸਿੰਘ ਦਰਜਾ ਹਾਸਿਲ ਕੀਤਾ। ਇਸ ਮੌਕੇ ਦਸਤਾਰ ਲਹਿਰ ਇਟਲੀ ਵਲੋਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਇਸ ਗੁਰਦੁਆਰਾ ਸਾਹਿਬ ਵਿਖੇ 9 ਜੂਨ ਤੋਂ ਬਾਬਾ ਹਰਜੋਤ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਗੁਰਮਤਿ ਗਿਆਨ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ।