ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਦਵਾਰਕਾ ‘ਚ ਇੱਕ ਪ੍ਰੋਗਰਾਮ ਵਿੱਚ ਨਾਗਰਿਕਤਾ ਕਾਨੂੰਨ ਬਾਰੇ ਕਿਹਾ “ਤੁਹਾਨੂੰ ਜਿੰਨਾ ਸਿਆਸੀ ਵਿਰੋਧ ਕਰਨਾ ਹੈ ਕਰੋ, ਭਾਜਪਾ ਦੀ ਮੋਦੀ ਸਰਕਾਰ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਵੇਗੀ। ਉਹ ਭਾਰਤ ਦੇ ਨਾਗਰਿਕ ਬਣਨਗੇ ਅਤੇ ਸਨਮਾਨ ਨਾਲ ਰਹਿਣਗੇ।” ਗ੍ਰਹਿ ਮੰਤਰੀ ਨੇ ਇਹ ਵੀ ਕਿਹਾ, “ਪਾਕਿਸਤਾਨ ਤੋਂ ਆਏ ਕਈ ਦਲਿਤ ਭਰਾ-ਭੈਣ ਦਿੱਲੀ ਅਤੇ ਹਰਿਆਣਾ ਦੀ ਸਰਹੱਦ ‘ਤੇ ਰਹਿੰਦੇ ਹਨ। ਜਿਹੜੇ ਲੋਕ ਬਿਲ ਦਾ ਵਿਰੋਧ ਕਰ ਰਹੇ ਹਨ, ਉਹ ਇਨ੍ਹਾਂ ਦੀ ਸਾਰ ਲੈਣ। 30-40 ਸਾਲਾਂ ਤੋਂ ਦੂਜੀ-ਤੀਜੀ ਪੀੜੀ ਹੋ ਗਈ ਹੈ, ਪਰ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੀ।”
ਅਮਿਤ ਸ਼ਾਹ ਨੇ ਕਿਹਾ, “ਨਾਗਰਿਕਤਾ ਕਾਨੂੰਨ 2019 ਕਾਰਨ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ ਅਤੇ ਇਹ ਕਾਨੂੰਨ ਤਿੰਨੇ ਗੁਆਂਡੀ ਦੇਸ਼ਾਂ ‘ਚ ਤਸ਼ੱਦਦ ਦਾ ਸ਼ਿਕਾਰ ਹੋਏ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਣ ਲਈ ਬਣਾਇਆ ਗਿਆ ਹੈ। ਕੁੱਝ ਵੀ ਹੋਵੇ, ਮੋਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਨ੍ਹਾਂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਮਿਲੇ ਅਤੇ ਉਹ ਸਨਮਾਨ ਨਾਲ ਭਾਰਤੀ ਨਾਗਰਿਕ ਬਣ ਕੇ ਜ਼ਿੰਦਗੀ ਬਤੀਤ ਕਰਨ।” ਗ੍ਰਹਿ ਮੰਤਰੀ ਨੇ ਕਿਹਾ, “ਮੈਂ ਆਪਣੇ ਮੁਸਲਿਮ ਭਰਾ-ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਜਿਹੜੇ ਲੋਕ ਭਾਰਤ ‘ਚ ਰਹਿ ਰਹੇ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਕਾਂਗਰਸ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਨੂੰਨ ਵੈਬਸਾਈਟ ‘ਤੇ ਹੈ। ਇਸ ਨੂੰ ਪੜ੍ਹੋ। ਨਰਿੰਦਰ ਮੋਦੀ ‘ਸਬ ਕਾ ਸਾਥ, ਸਬ ਕਾ ਵਿਕਾਸ’ ਵਿੱਚ ਭਰੋਸਾ ਕਰਦੇ ਹਨ। ਕਿਸੇ ਨਾਲ ਧੋਖਾ ਜਾਂ ਬੇਇਨਸਾਫੀ ਨਹੀਂ ਹੋਵੇਗੀ।”