in

ਸਿੱਖ ਸੰਗਤਾਂ ਇਟਾਲੀਅਨ ਲੋਕਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਇਆ ਕਰਨ – ਅੰਮ੍ਰਿਤਪਾਲ ਸਿੰਘ ਬਿੱਲਾ

ਰੋਮ (ਇਟਲੀ) (ਕੈਂਥ) – ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ, ਜਦੋਂ ਵਿਦੇਸ਼ਾਂ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਚਾਰ ਲਈ ਸਿੱਖ ਸੰਗਤਾਂ ਗੁਰੂ ਸਾਹਿਬ ਲਈ ਆਲੀਸ਼ਾਨ ਢੰਗ ਨਾਲ ਗੁਰਦੁਆਰਾ ਸਾਹਿਬ ਬਣਾਉਂਦੇ ਹਨ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਉੱਘੇ ਅਭਿਨੇਤਾ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਕਰਦਿਆਂ ਕਿਹਾ ਕਿ, ਗੁਰਦੁਆਰਾ ਸਾਹਿਬ ਵਿਦੇਸ਼ਾਂ ਵਿੱਚ ਬਣਨ ਨਾਲ ਗੁਰੂ ਨਾਨਕ ਸਾਹਿਬ ਦੀ ਫੁੱਲਵਾੜੀ ਵਿੱਚ ਅਥਾਹ ਵਾਧਾ ਹੋ ਰਿਹਾ ਹੈ, ਜਿਹੜਾ ਕਿ ਇੱਕ ਕਾਬਲੇ ਤਾਰੀਫ਼ ਉਪਰਾਲਾ ਹੈ, ਪਰ ਇਸ ਦੇ ਨਾਲ ਹੀ ਉਹ ਚਾਹੁੰਦੇ ਹਨ ਜਿਹੜੀ ਸੰਗਤ ਵਿਦੇਸ਼ਾਂ ਵਿੱਚ ਗੁਰੂ ਵਾਲੀ ਹੁਣ ਤੱਕ ਮਜ਼ਬੂਰੀ ਕਾਰਨ ਨਹੀਂ ਬਣ ਸਕੀ, ਉਹ ਵੀ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਦਾਤ ਛਕ ਕੇ ਗੁਰੂ ਵਾਲੀ ਬਣੇ ਜਿਸ ਨਾਲ ਸਿੱਖੀ ਪਹਿਲਾਂ ਤੋਂ ਵੀ ਵੱਧ ਵਧੇ-ਫੁੱਲੇ, ਕਿਉਂਕਿ ਜਿਹੜਾ ਸਤਿਗੁਰੂ ਨਾਨਕ ਸਾਹਿਬ ਦਾ ਨਵੇਕਲਾ ਤੇ ਨਵਾਂ ਸਿੱਖ ਧਰਮ ਹੈ, ਉਸ ਵਿੱਚ ਸਭ ਧਰਮਾਂ ਨੂੰ ਦਿਲੋਂ ਮਾਣ-ਸਤਿਕਾਰ ਹੈ. ਇੱਥੇ ਬਾਬਾ ਫਰੀਦ ਦੀ ਗੱਲ ਹੁੰਦੀ ਹੈ, ਇੱਥੇ ਪੰਡਤ ਜੈਦੇਵ ਨੂੰ ਸੁਣਿਆ ਜਾ ਸਕਦਾ ਹੈ, ਇੱਥੇ ਰਾਮ ਵੀ ਬੋਲਦਾ ਇੱਥੇ ਅੱਲਾ ਵੀ ਬੋਲਦਾ ਹੈ। ਗੁਰੂ ਨਾਨਕ ਸਾਹਿਬ ਦਾ ਦਰ ਉੱਥੇ ਸਭ ਨੂੰ ਆਉਣਾ ਹੀ ਪਵੇਗਾ, ਕਿਉਂਕਿ ਇੱਥੇ ਸਰਬੱਤ ਦੇ ਭਲੇ ਦੀਆਂ ਹੀ ਬਾਤਾਂ ਪੈਂਦੀਆਂ ਹਨ।
ਭਾਈ ਬਿੱੱਲਾ ਨੇ ਅੱਗੇ ਬੋਲਦਿਆਂ ਇਟਲੀ ਦੀਆਂ ਸੰਗਤਾਂ ਨੂੰ ਕਿਹਾ ਕਿ, ਜਦੋਂ ਵੀ ਉਹ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਤਾਂ ਆਪਣੇ ਜਾਣਕਾਰ ਇਟਾਲੀਅਨ ਲੋਕਾਂ ਨੂੰ ਵੀ ਜ਼ਰੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਨਾਲ ਲਿਆਉਣ, ਤਦ ਹੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮਨੁੱਖਤਾ ਦੇ ਭਲੇ ਲਈ ਘਰ-ਘਰ ਪਹੁੰਚਾਇਆ ਜਾ ਸਕਦਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਬਿੱਲਾ, ਜਿਹਨਾਂ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਸਿੱਖੀ ਸਰੂਪ ਵਿੱਚ ਹੀ ਅਭਿਨੈ ਕੀਤਾ ਹੈ, ਅੱਜਕਲ੍ਹ ਆਪਣੀ ਸੰਖੇਪ ਯੂਰਪ ਫੇਰੀ ਦੌਰਾਨ ਬਰੇਸ਼ੀਆ ਪਹੁੰਚੇ ਜਿੱਥੇ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਮੌਕੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇਟਾਲੀਅਨ ਪ੍ਰੈੱਸ ਕਲੱਬ ਦੇ ਹਰਬਿੰਦਰ ਸਿੰਘ ਧਾਲੀਵਾਲ, ਪਰਮਜੀਤ ਦੁਸਾਂਝ ਤੋਂ ਇਲਾਵਾ ਅਕਾਲੀ ਆਗੂ ਲਖਵਿੰਦਰ ਸਿੰਘ ਡੋਗਰਾਂਵਾਲ ਅਤੇ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ.

ਰੇਜੋਇਮੀਲੀਆ ਵਿਖੇ 10 ਨਵੰਬਰ ਨੂੰ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਜੀਓ ਦਾ ਪ੍ਰਗਟ ਦਿਵਸ

ਅਪ੍ਰੀਲੀਆ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ