in

ਸੁਰੱਖਿਆ ਜਵਾਨ ਘੋੜਿਆਂ ਉਪਰ ਕਰ ਰਹੇ ਹਨ ਪ੍ਰਵਾਸੀਆਂ ਦਾ ਪਿੱਛਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਮੈਕਸੀਕੋ-ਅਮਰੀਕਾ ਸਰਹੱਦ ਉਪਰ ਡੈਲ ਰੀਓ, ਟੈਕਸਾਸ ਵਿਚ ਹੈਤੀ ਪ੍ਰਵਾਸੀਆਂ ਦਾ ਸੰਕਟ ਹੱਲ ਹੁੰਦਾ ਨਜਰ ਨਹੀਂ ਆ ਰਿਹਾ। ਬਾਈਡਨ ਪ੍ਰਸ਼ਾਸਨ ਵੱਲੋਂ ਹੈਤੀ ਪ੍ਰਵਾਸੀਆਂ ਨੂੰ ਵਾਪਿਸ ਉਨਾਂ ਦੇ ਦੇਸ਼ ਭੇਜਣ ਦੀ ਯੋਜਨਾ ਐਲਾਨੇ ਜਾਣ ਉਪਰੰਤ ਅਮਰੀਕੀ ਸਰਹੱਦੀ ਸੁਰੱਖਿਆ ਜਵਾਨਾਂ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਵਾਨਾਂ ਵੱਲੋਂ ਪ੍ਰਵਾਸੀਆਂ ਨੂੰ ਫੜਨ ਲਈ ਉਨਾਂ ਦਾ ਘੋੜਿਆਂ ਉਪਰ ਪਿੱਛਾ ਕੀਤਾ ਜਾ ਰਿਹਾ ਹੈ। ਭੁੱਖ ਤੇ ਪਿਆਸ ਨਾਲ ਜੂਝ ਰਹੇ ਇਹ ਪ੍ਰਵਾਸੀ ਭੋਜਨ ਤੇ ਪਾਣੀ ਲੈਣ ਲਈ ਵਾਪਿਸ ਮੈਕਸੀਕੋ ਜਾਂਦੇ ਹਨ ਤੇ ਵਾਪਿਸ ਆਉਣ ‘ਤੇ ਅਮਰੀਕੀ ਸੁਰੱਖਿਆ ਜਵਾਨ ਉਨਾਂ ਨੂੰ ਵਾਪਿਸ ਮੈਕਸੀਕੋ ਵਿਚ ਧੱਕਣ ਦਾ ਯਤਨ ਕਰਦੇ ਹਨ। ਇਸ ਸਬੰਧੀ ਕਈ ਵੀਡੀਓ ਤੇ ਤਸਵੀਰਾਂ ਸਾਹਮਣੇ ਆਉਣ ਉਪੰਰਤ ਬਾਈਡਨ ਪ੍ਰਸ਼ਾਸਨ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਾਂ ਵੀਡੀਓ ਦ੍ਰਿਸ਼ਾਂ ਵਿਚ ਸੁਰੱਖਿਆ ਜਵਾਨ ਪ੍ਰਵਾਸੀਆਂ ਦੀ ਝਾੜ ਝੰਭ ਕਰਦੇ ਹੋਏ ਨਜਰ ਆ ਰਹੇ ਹਨ ਤੇ ਪਲਾਸਟਿਕ ਦੇ ਥੈਲੇ ਤੇ ਹੋਰ ਨਿੱਕਾ ਮੋਟਾ ਸਮਾਨ ਹੱਥਾਂ ਵਿਚ ਫੜੀ ਪ੍ਰਵਾਸੀਆਂ ਉਪਰ ‘ਦਫਾ ਹੋ ਜਾਓ, ਵਾਪਿਸ ਚਲੇ ਜਾਓ’ ਦੀਆਂ ਆਵਾਜ਼ਾਂ ਕੱਸ ਰਹੇ ਹਨ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਪਸਾਕੀ ਨੇ ਇਨਾਂ ਤਸਵੀਰਾਂ ਉਪਰ ਟਿਪਣੀ ਕਰਦਿਆਂ ਕਿਹਾ ਹੈ ਕਿ ਹਾਲਾਤ ਬਹੁਤ ਡਰਾਉਣੇ ਹਨ। ਕੁਝ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਇਸ ਸਥਿੱਤੀ ਲਈ ਜਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਬਿਆਨ ਵਿਚ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਪਸਾਕੀ ਨੇ ਕਿਹਾ ਹੈ ਕਿ ” ਮੈ ਕੁਝ ਵੀਡੀਓ ਦ੍ਰਿਸ਼ ਵੇਖੇ ਹਨ ਹਾਲਾਂ ਕਿ ਮੇਰੇ ਕੋਲ ਪੂਰਾ ਵੇਰਵਾ ਨਹੀਂ ਹੈ। ਮੈ ਨਹੀਂ ਸੋਚਦੀ ਕਿ ਜੋ ਵੀ ਕੋਈ ਇਹ ਦ੍ਰਿਸ਼ ਵੇਖੇਗਾ ਉਹ ਇਸ ਨੂੰ ਉਚਿੱਤ ਕਰਾਰ ਦੇਵੇਗਾ।” ਇਹ ਪੁੱਛੇ ਜਾਣ ‘ਤੇ ਕਿ ਕੀ ਸੁਰੱਖਿਆ ਜਵਾਨਾਂ ਨੂੰ ਇਨਾਂ ਪ੍ਰਵਾਸੀਆਂ ਉਪਰ ਗੋਲੀ ਚਲਾਉਣ ਦੀ ਇਜਾਜਤ ਹੈ ਜਾਂ ਜਵਾਨ ਦੁਬਾਰਾ ਅਜਿਹਾ ਧੱਕਾ ਕਰਨਗੇ ਤਾਂ ਪ੍ਰੈਸ ਸਕੱਤਰ ਨੇ ਕਿਹਾ ਕਿ ਉਹ ਅਜਿਹਾ ਦੁਬਾਰਾ ਨਹੀਂ ਕਰਨਗੇ, ਇਹ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਹਨ।
ਪ੍ਰਤੀਨਿਧ ਸਦਨ ਦੀ ਮਿਨੀਸੋਟਾ ਤੋਂ ਮੈਂਬਰ ਡੈਮੋਕਰੈਟਿਕ ਆਗੂ ਲਹਾਨ ਓਮਰ ਨੇ ਕਿਹਾ ਹੈ ਕਿ ਗਸ਼ਤੀ ਜਵਾਨਾਂ ਦੀ ਕਾਰਵਾਈ ਮਨੁੱਖੀ ਹੱਕਾਂ ਦੀ ਉਲੰਘਣਾ ਹੈ ਤੇ ਅਜਿਹਾ ਕਰਨਾ ਅਮਰੀਕੀ ਤੇ ਕੌਮਾਂਤਰੀ ਕਾਨੂੰਨ ਦੀ ਵੀ ਉਲੰਘਣਾ ਹੈ। ਪ੍ਰਤੀਨਿੱਧ ਸਦਨ ਦੇ ਇਕ ਹੋਰ ਮੈਂਬਰ ਵੈਰੋਨੀਕਾ ਐਸਕੋਬਰ ਨੇ ਕਿਹਾ ਹੈ ਕਿ ਸਰਹੱਦੀ ਗਸ਼ਤੀ ਜਵਾਨਾਂ ਦੀ ਕਾਰਵਾਈ ਮੁਕੰਮਲ ਰੂਪ ਵਿਚ ਆਸਵੀਕਾਰਨਯੋਗ ਹੈ। ਉਨਾਂ ਇਕ ਟਵੀਟ ਵਿਚ ਕਿਹਾ ਹੈ ਕਿ ‘ਇਸ ਗੱਲ ਦੀ ਕੋਈ ਤੁੱਕ ਨਹੀਂ ਹੈ ਕਿ ਇਸ ਸਮੇ ਸਥਿੱਤੀ ਕਿੰਨੀ ਚੁਣੌਤੀ ਭਰਪੂਰ ਹੈ, ਅਮਰੀਕਾ ਵਿਚ ਸ਼ਰਨ ਲੈਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ‘ਤੇ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।” ਇਥੇ
ਜਿਕਰਯੋਗ ਹੈ ਕਿ 10000 ਤੋਂ ਵਧ ਪ੍ਰਵਾਸੀ ਡੈਲ ਰੀਓ ਵਿਚ ਇਕ ਕੌਮਾਂਤਰੀ ਪੁਲ ਦੇ ਹੇਠਾਂ ਇਕੱਤਰ ਹੋ ਗਏ ਹਨ ਤੇ ਉਹ ਅਮਰੀਕਾ ਵਿਚ ਸ਼ਰਨ ਦੇਣ ਦੀ ਮੰਗ ਕਰ ਰਹੇ ਹਨ ਜਦ ਕਿ ਬਾਈਡਨ ਪ੍ਰਸ਼ਾਸਨ ਇਨਾਂ ਨੂੰ ਵਾਪਿਸ ਹੈਤੀ ਭੇਜਣ ਦੀ ਕੋਸ਼ਿਸ ਕਰ ਰਿਹਾ ਹੈ।

ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ

ਇੰਡੀਅਨ ਕੁੱਕ ਅਤੇ ਪੀਜ਼ਾ ਬੇਕਰ ਦੀ ਜਰੂਰਤ