ਮਿਲਾਨ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਾਧ ਸੰਗਤ ਸਾਹਿਬ ਤੇਮਪਿਓ ਦੀ ਓਰਮੇਲੇ ਵਿਖੇ ਸਮੂਹ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ. ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ, 6 ਨਵੰਬਰ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। 4 ਨਵੰਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 6 ਨਵੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਰਾਗੀ, ਢਾਡੀ ਅਤੇ ਕੀਰਤਨੀਏ ਪਹੁੰਚ ਕੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਨਗੇ।
ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ, ਇਨ੍ਹਾਂ ਤਿੰਨ ਰੋਜ਼ਾ ਸਮਾਗਮਾਂ ਦੌਰਾਨ ਢਾਡੀ ਜਥਾ ਭਾਈ ਮੇਜਰ ਸਿੰਘ ਮਾਨ ਦੁਆਰਾ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ। ਪ੍ਰਬੰਧਕ ਕਮੇਟੀ ਨੇ ਅੱਗੇ ਦੱਸਿਆ ਕਿ, 6 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੀ ਆਰੰਭਤਾ ਠੀਕ 12 ਵਜੇ ਗੁਰਦੁਆਰਾ ਸਾਹਿਬ ਤੋਂ ਹੋਵੇਗੀ ਜੋ ਤੇਮਪਿਓ ਦੀ ਓਰਮੇਲੇ ਸ਼ਹਿਰ ਦੇ ਗਲੀਆਂ ਬਾਜ਼ਾਰਾਂ ‘ਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਰਤੇਗਾ। ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਮਹਾਨ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਹੁੰਮ ਹੁਮਾ ਕੇ ਪਹੁੰਚੋ ਅਤੇ ਆਪਣਾ ਜੀਵਨ ਸਫ਼ਲਾ ਕਰੋ.