ਇਕ ਸਮਾਂ ਸੀ ਜਦੋਂ ਪੰਜਾਬੀ ਗੀਤਾਂ ਲਈ ਸੰਗੀਤ ਤਿਆਰ ਕਰਨ ਵਾਲੇ ਬੜੇ ਥੋੜੇ ਤੇ ਗਿਣਵੇਂ ਚੁਣਵੇਂ ਜਿਹੇ ਨਾਮ ਸਨ। ਫਿਰ ਜਿਸ ਤਰ੍ਹਾਂ ਪੰਜਾਬੀ ਗੀਤਾਂ ਦਾ ਬੋਲਬਾਲਾ ਵਧਿਆ ਤੇ ਹੌਲੀ ਹੌਲੀ ਸੰਗੀਤਕਾਰਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ। ਜਿਨ੍ਹਾਂ ਵਿਚੋਂ ਬਹੁਤ ਸਾਰਿਆ ਨੇ ਸਰੋਤਿਆਂ ਨੂੰ ਲੱਚਰਤਾ ਪਰੋਸਣ ਵਿਚ ਕੋਈ ਕਸਰ ਨਹੀਂ ਛੱਡੀ। ਕਹਿਣ ਨੂੰ ਤਾਂ ਸਾਰੇ ਆਖ ਰਹੇ ਸਨ ਕਿ ਪੰਜਾਬੀ ਗੀਤਾਂ ਦੀ ਬੱਲੇ ਬੱਲੇ ਹੋਈ ਪਈ ਹੈ, ਪਰ ਇਸੇ ਬੱਲੇ ਬੱਲੇ ਨੇ ਪੰਜਾਬੀਆਂ ਦੇ ਦੁੱਧ ਮੱਖਣਾਂ ਨਾਲ ਪਾਲੇ ਪੁੱਤਾਂ ਨੂੰ ਵੈਲੀ, ਵਿਹਲੜ, ਫੁੱਕਰੇ, ਸ਼ਰਾਬੀ ਤੇ ਗੈਂਗਸਟਾਰ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਦੌਰ ਵਿਚ ਅਜਿਹੇ ਸੰਗਤੀਕਾਰ ਵੀ ਹੋਏ ਹਨ ਜਿਹੜੇ ਸੋਚਦੇ ਹਨ ਕਿ ਪੈਸੇ ਘੱਟ ਕਮਾ ਲਵਾਂਗੇ, ਪਰ ਜਿਨਾਂ ਵੀ ਕੰਮ ਕਰਨਾ, ਵਧੀਆ ਕਰਨਾ ਹੈ। ਜਿਸ ਨਾਲ ਸੱਚਮੁੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਸਕੇ। ਅਜਿਹਾ ਹੀ ਇਕ ਨਾਮ ਹੈ ਸੰਗਤੀਕਾਰ ਹਰਭਜਨ ਹਰੀ ਦਾ, ਜਿਨ੍ਹਾਂ ਨੇ ਜਿੰਨੀਆਂ ਵੀ ਐਲਬਮ ਲਈ ਸੰਗੀਤ ਤਿਆਰ ਕੀਤਾ ਹੈ, ਉਨ੍ਹਾਂ ਵਿਚੋਂ ਪੰਜਾਬੀ ਲੋਕ ਸਾਜਾਂ ਦੀ ਮਹਿਕ ਆਉਂਦੀ ਹੈ।
ਜੈ ਮਿਊਜ਼ਕ ਸਟੂਡੀਊ ਸੁਲਤਾਨਪੁਰ ਲੋਧੀ ਵਿਚ ਗੀਤ ਰਿਕਾਰਡ ਕਰਨ ਵਾਲੇ ਗਾਇਕਾਂ ਦੀ ਕਤਾਰ ਬੜੀ ਲੰਮੀ ਹੈ, ਜਿੰਨਾਂ ਵਿਚ ਕਈ ਨਵੇਂ ਪੁਰਾਣੇ ਗਾਇਕਾਂ ਤੋਂ ਇਲਾਵਾ ਸਵ: ਸਾਬਰਕੋਟੀ, ਦੁਰਗਾ ਰੰਗੀਲਾ, ਗੁਰਬਖਸ਼ ਸ਼ੌਕੀ, ਸੰਗਰਾਮ, ਚਰਨਜੀਤ ਚੰਨੀ, ਮਾਸਟਰ ਸਲੀਮ, ਬਲਵੀਰ ਸ਼ੇਰਪੁਰੀ, ਪੇਜੀ ਸ਼ਾਹਕੋਟੀ, ਸੁਦੇਸ਼ ਕੁਮਾਰੀ, ਪ੍ਰਭ ਥਿੰਦ, ਸੁਰਜੀਤ ਖਾਨ, ਸਿੱਧੂ ਸਤਨਾਮ ਤੇ ਸ਼ੇਰਗਿੱਲ ਨੇਕ ਵਰਗੇ ਗਾਇਕਾਂ ਦੇ ਨਾਮ ਜਿਕਰਯੋਗ ਹਨ। ਜਲੰਧਰ ਜਿਲ੍ਹੇ ਦੇ ਕਸਬਾ ਮਲਸੀਆ ਵਿਚ ਜਨਮੇ ਹਰਭਜਨ ਹਰੀ ਤੇ ਉਨ੍ਹਾਂ ਦੇ ਤਿੰਨ ਬੇਟੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਹਰੀ ਅਮਿਤ, ਨਾਮ ਨਾਲ ਮਸ਼ਹੂਰ ਹੋਏ ਹਰਭਜਨ ਹਰੀ ਦਾ ਸਾਰਾ ਪਰਿਵਾਰ ਸੰਗੀਤ ਸਮਰਾਟ ਸ੍ਰੀ ਚਰਨਜੀਤ ਅਹੂਜਾ ਵਾਂਗ ਸੰਗੀਤ ਨੂੰ ਸਮਰਪਿਤ ਹੈ। ਉਹ ਜਿੰਨੇ ਵਧੀਆ ਸੰਗਤੀਕਾਰ ਹਨ ਉਨ੍ਹੇ ਹੀ ਵਧੀਆਂ ਗਾਇਕ ਵੀ ਹਨ। ਇਸ ਕਾਰਨ ਨਵੇਂ ਕਲਾਕਾਰ ਉਨ੍ਹਾਂ ਨੂੰ ਗੁਰੂ ਜੀ ਕਹਿ ਕੇ ਪੈਰੀ ਹੱਥ ਲਾਉਣਾ ਕਦੇ ਨਹੀਂ ਭੁੱਲਦੇ। ਪ੍ਰਮਾਤਮਾ ਕਰੇ ਉਹ ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਪਹਿਰੇਦਾਰ ਬਣਕੇ ਸੇਵਾ ਕਰਦੇ ਰਹਿਣ ਅਤੇ ਸਭਿਆਚਾਰ ਨੂੰ ਸਮਰਪਿਤ ਮੇਲੇ ਕਰਵਾਉਂਦੇ ਰਹਿਣ!
– ਸਾਬੀ ਚੀਨੀਆਂ