in

ਹਰਦੀਪ ਬਲਜੀਤ ਕੌਰ ਨੇ ਨਰਸਿੰਗ ਦੀ ਡਿਗਰੀ ਪ੍ਰਾਪਤ ਕਰਕੇ ਵਧਾਇਆ ਭਾਈਚਾਰੇ ਦਾ ਮਾਣ!

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬੀ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਨ, ਆਪਣੀ ਅਦਭੁੱਤ ਪ੍ਰਤਿਭਾ ਨਾਲ ਹਰ ਖੇਤਰ ਵਿੱਚ ਮੱਲਾਂ ਮਾਰਦੇ ਹਨ। ਇਹ ਪੰਜਾਂ ਪਾਣੀਆਂ ਦੀ ਧਰਤੀ ਦੀ ਖਾਸੀਅਤ ਹੈ। ਜੇਕਰ ਗੱਲ ਇਟਲੀ ਦੀ ਕਰੀਏ ਤਾਂ ਅੱਜਕਲ੍ਹ ਪੰਜਾਬੀ ਬੱਚਿਆਂ ਨੇ ਇੱਥੇ ਪੜ੍ਹਾਈ ਦੇ ਖੇਤਰ ਵਿੱਚ ਧੁੰਮ ਮਚਾਈ ਹੋਈ ਹੈ। ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਰੇਜੋ ਇਮੀਲੀਆ ਜ਼ਿਲ੍ਹੇ ਅੰਦਰ ਪੈਂਦੇ ਕਸਬਾ ਸਨ ਮਰਤੀਨੋ ਇਨ ਰੀਓ ਦੇ ਨਿਵਾਸੀ ਬਲਜੀਤ ਸਿੰਘ ਅਤੇ ਹਰਵਿੰਦਰ ਕੌਰ ਦੀ ਹੋਣਹਾਰ ਸਪੁੱਤਰੀ ਹਰਦੀਪ ਬਲਜੀਤ ਕੌਰ ਨੇ ਊਨੀਮੌਰੇ ਯੂਨੀਵਰਸਿਟੀ ਰੇਜੋ ਇਮੀਲੀਆ ਤੋਂ ਨਰਸਿੰਗ ਦੀ ਡਿਗਰੀ ਹਾਸਲ ਕਰਕੇ ਜਿੱਥੇ ਆਪਣੇ ਮਾਂ ਬਾਪ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ, ਉੱਥੇ ਹੀ ਪੰਜਾਬੀ ਭਾਈਚਾਰੇ ਦਾ ਵੀ ਮਾਣ ਵਧਾਇਆ ਹੈ‌। ਹਰਦੀਪ ਬਲਜੀਤ ਕੌਰ ਦੇ ਪਿਤਾ ਬਲਜੀਤ ਸਿੰਘ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਉਹ ਪਿੰਡ ਲਿੱਧੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਰਹਿਣ ਵਾਲੇ ਹਨ ਅਤੇ ਤਕਰੀਬਨ 31 ਸਾਲ ਪਹਿਲਾਂ ਉਹ ਬਿਹਤਰ ਭਵਿੱਖ ਲਈ ਇਟਲੀ ਆਏ ਸਨ। ਇਟਲੀ ਵਿੱਚ ਹੀ ਉਹਨਾਂ ਦੀ ਹੋਣਹਾਰ ਬੇਟੀ ਦਾ ਜਨਮ ਹੋਇਆ। ਬਲਜੀਤ ਸਿੰਘ ਨੇ ਜਿਥੇ ਸਖ਼ਤ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਨਾਮ ਬਣਾਇਆ, ਉੱਥੇ ਹੀ ਆਪਣੇ ਬੱਚਿਆਂ ਨੂੰ ਵੀ ਮਿਹਨਤ ਨਾਲ ਪੜ੍ਹਾਈ ਕਰਨ ਲਈ ਹਮੇਸ਼ਾ ਪ੍ਰੇਰਿਤ ਕੀਤਾ। ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।


ਉਹਨਾਂ ਦੱਸਿਆ ਕਿ, ਕੁਝ ਸਮਾਂ ਪਹਿਲਾਂ ਉਹਨਾਂ ਨੇ ਬੇਟੀ ਦਾ ਵਿਆਹ ਕਰ ਦਿੱਤਾ ਸੀ, ਲੇਕਿਨ ਬੇਟੀ ਦੇ ਅੰਦਰ ਜੋ ਆਪਣੀ ਪੜ੍ਹਾਈ ਪੂਰੀ ਕਰਨ ਦੀ ਲਗਨ ਸੀ। ਉਸਨੇ ਕਿਸੇ ਵੀ ਮੁਸ਼ਕਿਲ ਨੂੰ ਰਸਤੇ ਦਾ ਰੋੜਾ ਨਹੀਂ ਬਣਨ ਦਿੱਤਾ। ਹਰਦੀਪ ਬਲਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ, ਬੀਤੇ ਦਿਨੀਂ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਇਹ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ‌‌। ਇਸ ਸਖ਼ਤ ਪੜ੍ਹਾਈ ਵਿੱਚੋਂ ਉਸਨੇ 103/110 ਅੰਕ ਹਾਸਲ ਕੀਤੇ ਹਨ। ਉਸਦਾ ਕਹਿਣਾ ਹੈ ਕਿ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਉਸਦੇ ਮਾਂ ਬਾਪ ਦੇ ਪੂਰਨ ਸਹਿਯੋਗ ਤੋਂ ਇਲਾਵਾ ਉਸਦੇ ਸਹੁਰੇ ਪਰਿਵਾਰ ਅਤੇ ਪਤੀ ਮਨਪ੍ਰੀਤ ਬੈਂਸ ਨੇ ਵੀ ਹਮੇਸ਼ਾਂ ਉਸਨੂੰ ਪੂਰਨ ਸਹਿਯੋਗ ਦਿੱਤਾ। ਇਸੇ ਲਈ ਹੀ ਉਹ ਸਹੁਰੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨੌਕਰੀ, ਪੜ੍ਹਾਈ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਅ ਸਕੀ। ਉਸਨੇ ਇਸ ਸਭ ਦਾ ਸਿਹਰਾ ਆਪਣੇ ਪਿਤਾ ਬਲਜੀਤ ਸਿੰਘ ਅਤੇ ਮਾਤਾ ਹਰਵਿੰਦਰ ਕੌਰ ਨੂੰ ਦਿੰਦਿਆਂ ਕਿਹਾ ਕਿ, ਉਹਨਾਂ ਤੋਂ ਹੀ ਉਸਨੇ ਸਿਰੜੀ ਹੋ ਕੇ ਮਿਹਨਤ ਕਰਨੀ ਸਿੱਖੀ ਹੈ।
ਜ਼ਿਕਰਯੋਗ ਹੈ ਕਿ ਡਿਗਰੀ ਮਿਲਣ ਤੋਂ ਪਹਿਲਾਂ ਹੀ ਉਸਨੂੰ ਕਈ ਸੰਸਥਾਵਾਂ ਵੱਲੋਂ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਉਸਨੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਵੱਧ ਤੋਂ ਵੱਧ ਪੜ੍ਹਾਈ ਕਰਨੀ ਚਾਹੀਦੀ ਹੈ, ਜਿਸ ਨਾਲ ਚੰਗੀਆਂ ਨੌਕਰੀਆਂ ਅਤੇ ਬਿਹਤਰ ਭਵਿੱਖ ਦੇ ਸੁਪਨੇ ਸਾਕਾਰ ਹੁੰਦੇ ਹਨ। ਇਹਨੀਂ ਦਿਨੀਂ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਪਰਿਵਾਰ ਤੋਂ ਪ੍ਰਭਾਵਿਤ ਹੋ ਕੇ ਹੋਰ ਵੀ ਬੱਚੇ ਪੜ੍ਹਾਈ ਵਿੱਚ ਮਿਹਨਤ ਕਰਨਗੇ ਅਤੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨਗੇ!

ਚਿਸਤੇਰਨਾ ਦੀ ਲਾਤੀਨਾ ਵਿਖੇ ਮਨਾਇਆ ਗਿਆ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਦਿਹਾੜਾ

Name Change / Cambio di Nome