ਰੋਮ (ਕੈਂਥ) – ਇਟਲੀ ਦੇ ਪ੍ਰਸਿੱਧ ਹਰੀ ਓਮ ਮੰਦਰ ਵਿਖੇ ਦੂਰਦਰਸ਼ੀ, ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮੰਦਰ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਮਨਾਇਆ ਗਿਆ। ਜਿਸ ਵਿੱਚ ਨਾਮੀ ਭਜਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ। ਇਸ ਮੌਕੇ ਪੰਡਤ ਪੁਨੀਤ ਸ਼ਾਸਤਰੀ ਨੇ ਹਾਜ਼ਰ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ, ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਦੇ ਪ੍ਰਸਿੱਧ ਲੇਖਕ ਸਨ ਜੋ ਆਦਿਕਵੀ ਵਜੋਂ ਮਸ਼ਹੂਰ ਹਨ। ਉਨਾਂ ਨੇ ਸੰਸਕ੍ਰਿਤ ਵਿੱਚ ਰਾਮਾਇਣ ਦੀ ਰਚਨਾ ਕੀਤੀ। ਰਾਮਾਇਣ ਇੱਕ ਮਹਾਂਕਾਵਿ ਹੈ ਜੋ ਉਹਨਾਂ ਨੂੰ ਰਾਮ ਦੇ ਜੀਵਨ ਰਾਹੀਂ ਜੀਵਨ ਦੀ ਸੱਚਾਈ ਅਤੇ ਕਰਤੱਵ ਤੋਂ ਜਾਣੂ ਕਰਵਾਉਂਦਾ ਹੈ। ਆਦਿਕਵੀ ‘ਆਦਿ’ ਅਤੇ ‘ਕਵੀ’ ਸ਼ਬਦਾਂ ਦਾ ਸੁਮੇਲ ਹੈ। ‘ਆਦਿ’ ਦਾ ਅਰਥ ਹੈ ‘ਪਹਿਲਾ’ ਅਤੇ ‘ਕਵਿ’ ਦਾ ਅਰਥ ਹੈ ‘ਕਵਿਤਾ ਦਾ ਲੇਖਕ’। ਭਗਵਾਨ ਵਾਲਮੀਕਿ ਜੀ ਨੇ ਸੰਸਕ੍ਰਿਤ ਦੇ ਪਹਿਲੇ ਮਹਾਂਕਾਵਿ ਦੀ ਰਚਨਾ ਕੀਤੀ ਜੋ ਕਿ ਰਾਮਾਇਣ ਵਜੋਂ ਪ੍ਰਸਿੱਧ ਹੈ। ਸੰਸਕ੍ਰਿਤ ਦੇ ਪਹਿਲੇ ਮਹਾਂਕਾਵਿ ਦੀ ਰਚਨਾ ਕਰਕੇ ਹੀ ਭਗਵਾਨ ਵਾਲਮੀਕੀ ਨੂੰ ਆਦਿਕਵੀ ਕਿਹਾ ਜਾਂਦਾ ਸੀ। ਭਗਵਾਨ ਵਾਲਮੀਕੀ ਜੀ ਇੱਕ ਆਦਿਕਵੀ ਸੀ। ਸ਼੍ਰੀ ਹਰੀ ਓਮ ਮੰਦਰ ਦੀ ਤਰਫੋਂ ਵਾਲਮੀਕਿ ਜਯੰਤੀ ਦਾ ਤਿਉਹਾਰ ਮਨਾਉਣਾ ਬਹੁਤ ਹੀ ਸਲਾਘਾਯੋਗ ਕਾਰਜ ਹੈ। ਜਿਸ ਵਿੱਚ ਮੰਦਰ ਦੇ ਪ੍ਰਧਾਨ ਸ਼੍ਰੀ ਹਰਮੇਸ਼ ਲਾਲ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਸ੍ਰੀ ਕੋਮਲ ਰਾਣੀ ਦੁਆਰਾ ਕੀਤਾ ਗਿਆ। ਸਭ ਸੰਗਤ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ।