ਪਾਕਿਸਤਾਨ ਦੀ ਇਕ ਅਦਾਲਤ ਨੇ ਵਿਵਸਥਾ ਦਿੱਤੀ ਕਿ ਮੁਸਲਿਮ ਮਰਦ ਨੂੰ ਦੂਜਾ ਵਿਆਹ ਕਰਨ ਲਈ ਵਿਚੋਲਗੀ ਕੌਂਸਲ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ, ਭਾਵੇਂ ਪਹਿਲੀ ਪਤਨੀ ਨੇ ਉਸ ਨੂੰ ਆਗਿਆ ਦੇ ਦਿੱਤੀ ਹੋਵੇ ਤਾਂ ਵੀ। ਪਾਕਿ ਦੇ ਜੀਓ ਟੀਵੀ ਦੀ ਖ਼ਬਰ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਦੇ ਮੁੱਖ ਜੱਜ ਅਤਹਰ ਮਿਨਲਾਹ ਨੇ 12 ਸਫਿਆਂ ਦਾ ਹੁਕਮ ਜਾਰੀ ਕੀਤਾ ਜਿਸ ਦੇ ਮੁਤਾਬਕ ਮਰਦ ਨੂੰ ਦੁਜਾ ਵਿਆਹ ਕਰਨ ਤੋਂ ਪਹਿਲਾਂ ਵਿਚੋਲਗੀ ਕੌਂਸਲ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ।
ਅਦਾਲਤ ਨੇ ਕਿਹਾ ਕਿ ਕੋਈ ਵਿਅਕਤੀ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਨਿਕਾਹ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕਾਨੂੰਨ ਚ ਦਿੱਤੀ ਗਈ ਪ੍ਰਕਿਰਿਆ ਅਤੇ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ, ਨਹੀਂ ਤਾਂ ਉਸ ਨੂੰ ਜੇਲ੍ਹ ਜਾਣਾ ਹੋਵੇਗਾ ਜਾਂ ਜੁਰਮਾਨਾ ਭਰਨਾ ਹੋਵੇਗਾ ਜਾਂ ਦੋਵੇਂ ਚੀਜ਼ਾਂ ਭੁੱਗਤਣੀਆਂ ਪੈਣਗੀਆਂ। ਮੁਸਲਿਮ ਪਰਿਵਾਰ ਕਾਨੂੰਨ ਆਰਡੀਨੈਂਸ 1961 ਤਹਿਤ ਪਹਿਲੀ ਪਤਨੀ ਦੇ ਹੁੰਦਿਆਂ ਹੋਇਆਂ ਕੋਈ ਵੀ ਵਿਅਕਤੀ ਵਿਚੋਲਗੀ ਕੌਂਸਲ ਦੀ ਲਿਖਤ ਮਨਜ਼ੂਰੀ ਦੇ ਬਿਨਾ ਦੂਜਾ ਨਿਕਾਹ ਨਹੀਂ ਕਰ ਸਕਦਾ ਹੈ।