ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਮਰੀਜ਼ਾਂ ਦਾ ਸਮੇਂ ਸਿਰ ਪਤਾ ਲਗਾਉਣ ਵਾਸਤੇ ਲੋਕਾਂ ਦੀ ਵੱਡੇ ਪੱਧਰ `ਤੇ ਸਕਰੀਨਿੰਗ ਕੀਤੇ ਜਾਣਾ ਬਹੁਤ ਜਰੂਰੀ ਹੈ, ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਸੂਚੀਬੱਧ ਹਸਪਤਾਲਾਂ/ਕਲੀਨਿਕਾਂ ਅਤੇ ਲੈਬਾਰਟਰੀਆਂ ਦੁਆਰਾ ਭੇਜੇ ਕੋਵਿਡ-19 ਦੇ ਨਮੂਨਿਆਂ ਦੀ ਮੁਫ਼ਤ ਟੈਸਟਿੰਗ ਕਰਵਾਉਣ ਦਾ ਫੈਸਲਾ ਲਿਆ ਹੈ।
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਮੁਤਾਬਕ ਸਿਵਲ ਸਰਜਨਾਂ ਨੂੰ ਉਨ੍ਹਾਂ ਨਿੱਜੀ ਹਸਪਤਾਲਾਂ / ਕਲੀਨਿਕਾਂ ਅਤੇ ਲੈਬਾਂ ਨੂੰ ਸੂਚੀਬੱਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋ ਨਮੂਨਿਆਂ ਦੀ ਮੁਫਤ ਟੈਸਟਿੰਗ ਸਹੂਲਤ ਦੇਣ ਲਈ ਸਵੈ-ਇੱਛਾ ਨਾਲ ਸੂਚੀਬੱਧ ਹੋਣ ਲਈ ਤਿਆਰ ਹਨ। ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ / ਕਲੀਨਿਕਾਂ ਅਤੇ ਲੈਬਾਰਟਰੀਆਂ ਕੋਲ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ, ਜਿੱਥੇ ਨਮੂਨੇ ਲਏ ਜਾਣਗੇ ਅਤੇ ਨਮੂਨੇ ਲੈਣ ਵਾਲੇ ਵਿਅਕਤੀ ਵੱਲੋਂ ਪੂਰੇ ਨਿੱਜੀ ਸੁਰੱਖਿਆ ਉਪਕਰਨ ਪਹਿਨੇ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ।
ਪ੍ਰਾਈਵੇਟ ਹਸਪਤਾਲ ਲੋੜੀਂਦੇ ਲੋਜਿਸਟਿਕਸ ਦਾ ਪ੍ਰਬੰਧ ਕਰੇਗਾ ਅਤੇ ਨਮੂਨੇ ਇਕੱਤਰ ਕਰੇਗਾ, ਉਨ੍ਹਾਂ ਨੂੰ ਪੈਕ ਕਰੇਗਾ ਅਤੇ ਪ੍ਰੋਟੋਕੋਲ ਦੇ ਅਨੁਸਾਰ ਨੇੜਲੀ ਸਰਕਾਰੀ ਸਿਹਤ ਸੰਸਥਾ ਨੂੰ ਭੇਜੇਗਾ। ਉਹ ਆਰਟੀ-ਪੀਸੀਆਰ ਐਪ ਵਿੱਚ ਆਈਸੀਐਮਆਰ ਪ੍ਰੋਟੋਕੋਲ ਦੇ ਅਨੁਸਾਰ ਵੇਰਵਿਆਂ ਨੂੰ ਭਰਨਾ ਯਕੀਨੀ ਬਣਾਉਂਦੇ ਹਨ।
ਇਸ ਪ੍ਰਕਿਰਿਆ ਲਈ ਯੂਜ਼ਰ ਨੇਮ ਅਤੇ ਪਾਸਵਰਡ ਸਬੰਧਤ ਸਿਵਲ ਸਰਜਨਾਂ ਦੁਆਰਾ ਕੁਲੈਕਸ਼ਨ ਸੈਂਟਰਾਂ ਵਾਸਤੇ ਨਿੱਜੀ ਹਸਪਤਾਲਾਂ / ਕਲੀਨਿਕਾਂ ਨੂੰ ਮੁਹੱਈਆ ਕਰਵਾਏ ਜਾਣਗੇ। ਪ੍ਰਾਈਵੇਟ ਹਸਪਤਾਲ / ਕਲੀਨਿਕ ਸੈਂਪਲਾਂ ਸਮੇਤ ਸੈਂਪਲ ਆਈ.ਡੀ. ਦੇ ਨਾਲ ਆਰਟੀ-ਪੀਸੀਆਰ ਐਪ ਦੁਆਰਾ ਤਿਆਰ ਲਾਈਨ ਸੂਚੀ ਭੇਜਣਗੇ। ਪ੍ਰਾਈਵੇਟ ਹਸਪਤਾਲਾਂ / ਕਲੀਨਿਕਾਂ ਦੁਆਰਾ ਭੇਜੇ ਗਏ ਨਮੂਨਿਆਂ ਦੀ ਸਰਕਾਰੀ ਲੈਬਾਰਟਰੀਆਂ ਵਿੱਚ ਮੁਫਤ ਜਾਂਚ ਕੀਤੀ ਜਾਏਗੀ। ਸਪੱਸ਼ਟ ਕੀਤਾ ਗਿਆ ਹੈ ਕਿ ਇਸ ਸਹੂਲਤ ਦਾ ਲਾਭ ਲੈ ਰਹੇੇ ਪ੍ਰਾਈਵੇਟ ਹਸਪਤਾਲ ਅਤੇ ਕਲੀਨਿਕ ਨਮੂਨੇ ਇਕੱਤਰ ਕਰਨ ਲਈ ਮਰੀਜ਼ਾਂ ਤੋਂ 1000 ਰੁਪਏ ਤੋਂ ਵੱਧ ਨਹੀਂ ਚਾਰਜ ਕਰਨਗੇ।