ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ। ਹੋਲਾ ਮਹੱਲਾ 2020 ਨੂੰ ਪਲਾਸਟਿਕ ਮੁਕਤ ਮਨਾਉਣ ਲਈ ਅਪੀਲ ਕਰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਹ ਬੇਹੱਦ ਜਰੂਰੀ ਹੈ ਕਿ ਹੋਲੇ ਮਹੱਲੇ ਦੌਰਾਨ ਲੰਗਰ ਆਦਿ ਲਈ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਵਿਨੇ ਬਬਲਾਨੀ ਨੇ ਐਸ.ਡੀ.ਐਮ.ਦਫਤਰ ਦੇ ਕਮੇਟੀ ਰੂਮ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ। ਉਨ੍ਹਾਂ ਦੱਸਿਆ ਕਿ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਵਾਰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਵੇਖਣ ਦਾ ਸਮਾਂ ਦੁੱਗਣਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਨੀਆਂ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਿਰਾਸਤ-ਏ-ਖਾਲਸਾ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਕੀਤਾ ਜਾਵੇ।
ਦੱਸਣਯੋਗ ਹੈ ਕਿ ਆਮ ਦਿਨਾਂ ਵਿੱਚ ਵਿਰਾਸਤ-ਏ-ਖਾਲਸ ਮਹਿਜ 6.30 ਘੰਟੇ, ਜੋ ਕਿ ਸਵੇਰੇ 10.00 ਵਜੇ ਤੋਂ ਸ਼ਾਮ 4.30 ਵਜੇ ਤੱਕ ਸ਼ਰਧਾਲੂਆ ਲਈ ਖੁੱਲ੍ਹਦਾ ਹੈ, ਹੁਣ 7 ਮਾਰਚ ਤੋਂ 10 ਮਾਰਚ ਤੱਕ ਵਿਰਾਸਤ-ਏ-ਖਾਲਸਾ 6.30 ਘੰਟੇ ਦੀ ਵਜਾਏ 12.00 ਘੰਟੇ, ਜੋ ਕਿ ਸਵੇਰੇ 8 ਤੋਂ ਲੈ ਕੇ ਸ਼ਾਮ 8 ਵਜੇ ਤੱਕ ਖੋਲ੍ਹਿਆ ਜਾਵੇਗਾ। ਇਸ ਬਾਰੇ ਡੀ.ਸੀ. ਨੇ ਵਿਰਾਸਤ-ਏ-ਖਾਲਸਾ ਦੇ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੂੰ ਸਮੁੱਚੇ ਪ੍ਰਬੰਧ ਕਰਨ ਲਈ ਤਾਕੀਦ ਕਰਦੇ ਹੋਏ ਕਿਹਾ ਕਿ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਪੰਜਾਬ ਦੇ ਅਮੀਰ ਵਿਰਸੇ ਦੀ ਪੇਸ਼ਕਾਰੀ ਕਰਨ ਵਾਲੇ ਇਸ ਅਜਾਇਬ ਘਰ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਦਿਖਾਈਏ।
ਡਿਪਟੀ ਕਮਿਸ਼ਨਰ ਨੇ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਦੇ ਪ੍ਰਬੰਧ ਕਰਨ ਲਈ ਅਦੇਸ਼ ਦਿੰਦੇ ਹੋਏ ਕਿਹਾ ਕਿ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿੱਚ ਵੰਡ ਕੇ 24 ਘੰਟੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਵੱਖ-ਵੱਖ ਅਧਿਕਾਰੀਆਂ ਵਲੋਂ ਮੁੱਖ ਕੰਟਰੋਲ ਰੂਮ ‘ਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ਼ ਦੀਆਂ ਲਿਸਟਾਂ ਭੇਜਣ ਲਈ ਅਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨੰਗਲ ਵਾਲੀ ਸਾਈਡ ਤੋਂ ਆਉਣ ਵਾਲੇ ਟ੍ਰੈਫਿਕ ਲਈ ਵੱਖਰੀ ਪਾਰਕਿੰਗ ਵਾਲੀ ਥਾਂ ਦੀ ਸ਼ਨਾਖਤ ਕੀਤੀ ਜਾਵੇ।
ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਲਮਾ ਖੇੜਾ ਕਾਹਨਪੁਰ ਖੂਹੀ ਸੜਕ ਨੂੰ ਤੁਰੰਤ ਠੀਕ ਕਰਾਉਣ ਲਈ ਅਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਕਿੰਗ ਲਈ ਸ਼ਨਾਖਤ ਕੀਤੀਆਂ ਜਾਣ ਵਾਲੀਆਂ ਥਾਵਾਂ ਤੇ ਆਰਜੀ ਪਖਾਨੇ, ਪੀਣ ਵਾਲਾ ਪਾਣੀ ਅਤੇ ਰੌਸ਼ਨੀ ਦੀ ਸਹੂਲਤ ਦਿਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ।
ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਸਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੰਗਰ ਸੜਕਾਂ ਤੋਂ ਢੁੱਕਵੀਂ ਦੂਰੀ ‘ਤੇ ਹੀ ਲਗਾਏ ਜਾਣ ਤਾਂ ਜੋ ਟ੍ਰੈਫਿਕ ਵਿੱਚ ਕੋਈ ਅੜਿੱਕਾ ਨਾ ਆਵੇ। ਉਨ੍ਹਾਂ ਕਿਹਾ ਕਿ ਲੰਗਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਿੰਗਲ ਟਾਈਮ ਵਰਤੋਂ ਵਾਲੇ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕਰਨ ਅਤੇ ਸਿਹਤ ਵਿਭਾਗ ਵਲੋਂ ਤੈਨਾਤ ਕੀਤੇ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਕਰਮਚਾਰੀਆ ਤੋਂ ਲੰਗਰਾਂ ਲਈ ਸਟੋਰੇਜ਼ ਕੀਤੇ ਪਾਣੀ ਦੀ ਕਲੋਰੀਨੇਸ਼ਨ ਕਰਵਾਉਣ ਅਤੇ ਭਾਂਡੇ ਧੋਣ ਵਾਲੇ ਪਾਣੀ ਵਿੱਚ ਲਾਲ ਦਵਾਈ ਪਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਇਸ ਸਮੂਚੇ ਖੇਤਰ ਦੀ ਸਫਾਈ ਲਈ ਲਗਭਗ 100 ਸਫਾਈ ਕਰਮਚਾਰੀ ਤੈਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੇਲੇ ਵਾਲੇ ਖੇਤਰ ਦੀ ਨਿਰੰਤਰ ਫੋਗਿੰਗ ਅਤੇ ਪਾਣੀ ਦਾ ਛਿੜਕਾਉ ਕੀਤਾ ਜਾਵੇ।