ਰੋਮ (ਇਟਲੀ) (ਕੈਂਥ) – ਵਿਦੇਸ਼ਾਂ ਵਿੱਚ ਆ ਕੇ ਵੱਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਵੀ ਹਰ ਖੇਤਰ ਵਿੱਚ ਆਏ ਦਿਨ ਮੱਲਾਂ ਮਾਰ ਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕਰ ਰਹੇ ਹਨ. ਇਟਲੀ ਵਿੱਚ ਰੈਣ ਬਸੇਰਾ ਕਰਦੇ 3 ਹੋਣਹਾਰ ਪੰਜਾਬੀ ਵਿੱਦਿਆਰਥੀਆਂ ਨੇ ਵਿੱਦਿਅਕ ਖੇਤਰ ਵਿੱਚ 100 ਵਿੱਚੋ 100 % ਨੰਬਰ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ, ਜਿਨ੍ਹਾਂ ਵਿੱਚੋ ਪਹਿਲੀ ਜਸ਼ਨਪ੍ਰੀਤ ਕੌਰ ਜੋ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਬੋਰਗੋ ਸੰਨ ਜਾਕੋਮੋ ਵਿਖੇ ਰਹਿ ਰਹੀ ਹੈ, ਨੇ ਐਡਮਿਸਟ੍ਰੇਸਨ ਫੀਨਾਂਸਾ ਮਾਰਕਿਟਿੰਗ ਦੇ ਡਿਪਲੋਮਾ ਵਿੱਚੋ 100 ਪ੍ਰਤੀਸ਼ਤ ਨੰਬਰ ਹਾਸਲ ਕੀਤਾ। ਪਿਛਲੇ 21 ਸਾਲ ਤੋ ਇਟਲੀ ਵਿੱਚ ਰਹਿ ਰਹੇ ਪਿਤਾ ਗਿਆਨੀ ਦਿਲਬਾਗ ਸਿੰਘ ,ਮਾਤਾ ਅੰਮ੍ਰਿਤ ਕੌਰ ਅਤੇ ਆਪਣੀਆ ਦੋ ਭੈਣਾਂ ਅਨਮੋਲਪ੍ਰੀਤ ਕੌਰ ਅਤੇ ਜਪਲੀਨ ਕੌਰ ਨਾਲ ਰਹਿ ਰਹੇ ਹਨ। ਜਸ਼ਨਪ੍ਰੀਤ ਕੌਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਾਲੀਆ ਵੱਡਾ ਨਾਲ ਸਬੰਧਤ ਹੈ। ਦੂਸਰੀ ਹੈ ਦਿਸ਼ਾ ਯਾਦਵ, ਜੋ ਇਟਲੀ ਦੇ ਜ਼ਿਲ੍ਹਾ ਰਿਜ਼ੋਕਲਾਵਰੀਆ ਵਿੱਚ ਰਹਿੰਦੀ ਹੈ, ਨੇ ਦੀ 12ਵੀ ਕਲਾਸ ਦੀ ਪੜ੍ਹਾਈ ਵਿੱਚੋਂ 100/100 ਨੰਬਰ ਪ੍ਰਾਪਤ ਕੀਤੇ ਹਨ. ਜੋ ਆਪਣੇ ਪਿਤਾ ਦਿਨੇਸ਼ ਸਿੰਘ ,ਮਾਤਾ ਪ੍ਰਤਿਭਾ ਯਾਦਵ ਅਤੇ ਭੈਣ ਲਿਸ਼ਾ ਯਾਦਵ ਨਾਲ ਰਹਿ ਰਹੀ ਹੈ. ਦਿਸ਼ਾ ਯਾਦਵ ਪੰਜਾਬ ਦੇ ਸ਼ਹਿਰ ਜਲੰਧਰ ਨਾਲ ਸਬੰਧਤ ਹੈ। ਤੀਜਾ ਪੰਜਾਬੀ ਨੌਜਵਾਨ ਪਾਲ ਜਸਮੀਤ, ਜਿਹੜਾ ਜਲੰਧਰ ਜ਼ਿਲ੍ਹੇ ਦੇ ਵਿਰਕ ਪਿੰਡ ਨਾਲ ਸੰਬਧਤ ਹੈ ਤੇ ਆਪਣੇ ਮਾਪਿਆਂ ਤਜਿੰਦਰਪਾਲ /ਊਸ਼ਾ ਰਾਣੀ ਨਾਲ ਬਲੋਨੀਆ ਵਿਖੇ ਰਹਿੰਦਾ ਹੈ. ਇਸ ਨੌਜਵਾਨ ਨੇ 8 ਕਲਾਸ ਵਿੱਚੋਂ 100/100 ਨੰਬਰ ਲੈਕੇ ਇਟਲੀ ਵਿੱਚ ਮਾਪਿਆਂ ਦਾ ਨਾਮ ਚਮਕਾਇਆ ਹੈ।
ਦੱਸਣਯੋਗ ਹੈ ਕਿ ਇਟਲੀ ਵਿੱਚ ਬੀਤੇ ਸਾਲ ਅਤੇ ਇਸ ਸਾਲ ਵਿੱਚ ਵੀ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਵਿੱਦਿਅਕ ਖੇਤਰ ਤੋਂ ਇਲਾਵਾ ਕਈ ਖੇਤਰਾਂ ਵਿੱਚ ਮੱਲਾਂ ਮਾਰਕੇ ਇਟਲੀ ਵਸਦੇ ਭਾਰਤੀ ਭਾਈਚਾਰੇ ਸਮੇਤ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ।