3 ਮੀਟਰ ਡੂੰਘੀ ਖੂਹੀ ਬਣੀ ਮੌਤ ਦਾ ਖੂਹ
ਪਾਵੀਆ (ਇਟਲੀ) 14 ਸਤੰਬਰ (ਸਾਬੀ ਚੀਨੀਆਂ) – ਇਟਲੀ ਦੇ ਜਿਲ੍ਹਾ ਪਾਵੀਆ ਵਿਚ ਦੁੱਧ ਡੇਅਰੀ ਫਾਰਮ ‘ਤੇ ਮਾਰੇ ਗਏ ਚਾਰ ਭਾਰਤੀ ਨੌਜਵਾਨਾਂ ਦੀ ਬੇਵਕਤੀ ਮੌਤ ਦੇ ਕਾਰਨਾਂ ਦੀ ਸਚਾਈ ਜਾਨਣ ਲਈ ਭਾਰਤੀ ਅੰਬੈਸੀ ਮਿਲਾਨ ਦੇ ਕੌਂਸਲਰ ਜਨਰਲ ਸ੍ਰੀ ਬਿਨੋਈ ਜਾਰਜ ਅਤੇ ਵਾਇਸ ਕੌਂਸਲਰ ਸ਼੍ਰੀ ਰਾਜੀਵ ਭਾਟੀਆ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਗਮਗੀਨ ਮਾਹੌਲ ਵਿਚ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ, ਇਟਲੀ ਰਹਿੰਦਾ ਇਕ ਇਕ ਭਾਰਤੀ ਅਤੇ ਭਾਰਤ ਸਰਕਾਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਹੈ। ਮਿਲਾਨ ਅੰਬੈਸੀ ਵੱਲੋਂ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿੰਦੇ ਹੋਏ ਉਨ੍ਹਾਂ ਮੌਕੇ ‘ਤੇ ਮੌਜੂਦ ਇਟਾਲੀਅਨ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਪ੍ਰਸਾਸ਼ਨ ਨੂੰ ਆਖਿਆ ਕਿ, ਉਹ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ, ਪ੍ਰਸ਼ਾਸਨ ਵੱਲੋ ਉਨ੍ਹਾਂ ਨੂੰ ਮ੍ਰਿਤਕ ਦੇਹਾਂ ਨਹੀ ਦੇਖਣ ਦਿੱਤੀਆਂ ਜਾ ਰਹੀਆਂ ਅਤੇ ਬਚਾਅ ਕਾਰਜਾਂ ਵਿਚ 5 ਘੰਟੇ ਦੀ ਹੋਈ ਦੇਰੀ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜਿੰਮੇਵਾਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇ ਬਚਾਅ ਕਾਰਜ ਛੇਤੀ ਨਾਲ ਕੀਤੇ ਜਾਂਦੇ ਤਾ ਇਨ੍ਹਾਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ।
ਜਿਕਰਯੋਗ ਹੈ ਕਿ ਮਰਨ ਵਾਲਿਆ ਵਿਚ ਪ੍ਰੇਮ ਸਿੰਘ 47 ਤੇ ਤਰਸੇਮ ਸਿੰਘ 45 ਜਿਲ੍ਹਾ ਜਲੰਧਰ ਦੇ ਪਿੰਡ ਚੀਮਾ (ਕਰਤਾਰਪੁਰ), ਹਰਮਿੰਦਰ ਸਿੰਘ (29) ਟਾਂਡਾ ਤੇ ਮਨਜਿੰਦਰ ਸਿੰਘ (28) ਨੱਥੂ ਚਾਹਲ ਸ਼ਾਮਿਲ ਹਨ। ਜਿਨ੍ਹਾਂ ਵਿਚੋ ਇਕ ਨੌਜਵਾਨ ਥੋੜਾ ਸਮਾਂ ਪਹਿਲਾਂ ਹੀ 9 ਮਹੀਨਿਆਂ ਵਾਲੇ ਪੇਪਰਾਂ ‘ਤੇ ਸੁਨਹਿਰੀ ਭਵਿਖ ਦਾ ਸੁਪਨਾ ਲੈਕੇ ਇਟਲੀ ਆਇਆ ਸੀ।