ਵਿਰੋਨਾ (ਇਟਲੀ) (ਦਵਿੰਦਰ ਹੀਉਂ) – ਭਾਰਤ ਦੇ ਚੰਗੇਰੇ ਭਵਿੱਖ ਦੀ ਲਈ ਦੇਸ਼ ਭਰ ਦੇ ਮਿਹਨਤਕਸ਼ ਲੋਕਾਂ ਨੂੰ ਹਰ ਤਰ੍ਹਾਂ ਦੇ ਮੱਤਭੇਦ ਭੁਲਾ ਕੇ ਇਕ ਮਜਬੂਤ ਲਹਿਰ ਉਸਾਰਦੇ ਹੋਏ ਦੁਨੀਆਂ ਦੇ ਮਹਾਨ ਫਿਲਾਸਫਰ ਕ੍ਰਾਂਤੀਕਾਰੀ ਆਗੂ ਕਾਮਰੇਡ ਕਾਰਲ ਮਾਰਕਸ ਅਤੇ ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸਰਵੋਤਮ ਵਿਚਾਰਧਾਰਾ ਤੇ ਚੱਲਣ ਦੀ ਬਹੁਤ ਹੀ ਅਹਿਮ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵੀਦਾਸ ਟੈਂਪਲ ਵਿਰੋਨਾ (ਇਟਲੀ) ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਮਨਾਉਣ ਮੌਕੇ ਗੁਰੂ ਘਰ ਦੇ ਪ੍ਰਧਾਨ ਮਾਸਟਰ ਬਲਵੀਰ ਮੱਲ, ਸਰਬਜੀਤ ਜਗਤਪੁਰੀ ਅਤੇ ਮਦਨ ਮੋਹਨ ਬੰਗੜ ਨੇ ਕਰਦਿਆਂ ਹੋਇਆਂ ਕਿਹਾ ਕਿ ਅੱਜ ਕੱਲ੍ਹ ਜੋ ਕੁੱਝ ਵੀ ਸਾਡੇ ਮਹਾਨ ਦੇਸ਼ ਅੰਦਰ ਫਿਰਕਾਪ੍ਰਸਤ ਹਾਕਮ ਜਮਾਤਾਂ ਵਲੋਂ ਕੀਤਾ ਜਾ ਰਿਹਾ ਹੈ ਉਨ੍ਹਾਂ ਨੀਤੀਆਂ ਕਾਰਨ ਦੇਸ਼ ਲਗਾਤਾਰ ਬਰਬਾਦੀ ਦੇ ਘਿਨਾਉਣੇ ਰਸਤੇ ਤੇ ਅੱਗੇ ਵਧ ਰਿਹਾ ਹੈ ਅਤੇ ਜਿਸ ਦੇ ਚਲਦਿਆਂ ਸਾਡੇ ਮਹਾਨ ਦੇਸ਼ ਦੇ ਅਜਾਦ ਲੋਕਤੰਤਰੀ ਢਾਂਚੇ ਅਤੇ ਬਾਬਾ ਸਾਹਿਬ ਵਲੋਂ ਸਰਬੱਤ ਦੇ ਭਲੇ ਲਈ ਰਚੇ ਹੋਏ ਮਹਾਨ ਸੰਵਿਧਾਨ ਨੂੰ ਖਤਮ ਕਰਕੇ ਮੰਨੂੰਸਮਰਿਤੀ ਲਾਗੂ ਕਰਕੇ ਸਾਨੂੰ ਫਿਰ ਤੋਂ ਗੁਲਾਮੀ ਦੇ ਯੁੱਗ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋਣ ਦੀ ਬੇਹੱਦ ਲੋੜ ਹੈ। ਇਸ ਮੌਕੇ ਤੇ ਅਜੇ ਕੁਮਾਰ ਬਿੱਟਾ, ਕੁਲਵਿੰਦਰ ਸਿੰਘ ਬੱਲਾ ਭਾਈ ਰਣਧੀਰ ਸਿੰਘ, ਦਵਿੰਦਰ ਹੀਉਂ, ਭੁਪਿੰਦਰ ਭਿੰਦੂ, ਤਰਸੇਮ ਸਿੰਘ ਰੰਗੀਲਾ ਅਤੇ ਪ੍ਰਵੀਨ ਕੁਮਾਰ ਪੀਨਾ ਆਦਿ ਸਾਥੀਆਂ ਨੇ ਵੀ ਵਿਚਾਰ ਪੇਸ਼ ਕਰਦਿਆਂ ਸਮੂੰਹ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।