ਇਟਲੀ ਦੀ ਰਾਜਧਾਨੀ ਰੋਮ ਦੇ ਨੇੜ੍ਹਲੇ ਇਲਾਕਿਆਂ ਵਿਚ ਖੇਤੀਬਾੜੀ ਆਦਿ ਦਾ ਕੰਮ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦਾ ਕਹਿਣਾ ਹੈ ਕਿ, ਅੱਜ ਦੇ ਸਿਆਸਤਦਾਨ ਇਮੀਗ੍ਰੇਸ਼ਨ ਨੂੰ ਰੋਕਣ ਦੀ ਗੱਲ ਕਰਦੇ ਹਨ, ਪ੍ਰੰਤੂ ਯੂਰਪੀਅਨ ਸੰਘ ਦੇ ਦੇਸ਼ ਇੰਨੇ ਸਸਤੇ ਕਰਮਚਾਰੀਆਂ ਤੋਂ ਬਿਨਾਂ ਕੰਮਕਾਰ ਦੇ ਪ੍ਰਬੰਧਨ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ।
ਰੋਮ ਦੇ ਨੇੜ੍ਹਲੇ ਇਨਾਂ ਇਲਾਕਿਆਂ ਵਿਚ ਜਿਆਦਾਤਰ ਭਾਰਤੀ ਲੋਕ ਜੋ ਕਿ ਪੰਜਾਬ ਨਾਲ ਸਬੰਧਿਤ ਹਨ, ਖੇਤੀਬਾੜੀ ਦਾ ਕੰਮ ਕਰਦੇ ਹਨ। ਘੱਟ ਸਹੂਲਤਾਂ ਦੇ ਬਾਵਜੂਦ ਵੀ ਇਹ ਲੋਕ ਹੱਢ ਭੰਨਵੀਂ ਮਿਹਨਤ ਕਰਦੇ ਹਨ, ਜਿਸਦਾ ਮਿਹਨਤਾਨਾ ਵੀ ਇਨ੍ਹਾਂ ਨੂੰ ਸਥਾਨਕ ਕਰਮਚਾਰੀਆਂ ਦੇ ਬਦਲੇ ਬਹੁਤ ਘੱਟ ਮਿਲਦਾ ਹੈ।
ਵੋਟਾਂ ਲੈਣ ਸਮੇਂ ਸਿਆਸਤਦਾਨਾਂ ਦਾ ਹਮੇਸ਼ਾਂ ਹੀ ਇਕ ਨਾਅਰਾ ਰਹਿੰਦਾ ਹੈ ਕਿ, ਅਸੀਂ ਇਟਾਲੀਅਨ, ਇਟਾਲੀਅਨ ਪਹਿਲਾਂ, ਸਾਡੇ ਲੋਕ ਆਦਿ, ਜਿਸ ਵਿਚ ਪ੍ਰਵਾਸੀਆਂ ਦੀ ਹੌਂਦ ਬਾਰੇ ਕੁਝ ਵੀ ਨਹੀਂ ਕਿਹਾ ਜਾਂਦਾ। ਜੇ ਅੱਜ ਦੀ ਤਾਰੀਕ ਵਿਚ ਅਸੀਂ ਪ੍ਰਵਾਸੀ ਮਜਦੂਰ ਵਾਪਸ ਆਪਣੇ ਦੇਸ਼ ਨੂੰ ਪਰਤ ਜਾਂਦੇ ਹਾਂ, ਤਾਂ ਕੀ ਇਟਾਲੀਅਨ ਲੋਕ, ਸਾਨੂੰ ਮਿਲਣ ਵਾਲੀ 2,90 ਯੂਰੋ, 3,50 ਯੂਰੋ ਜਾਂ 4,00 ਯੂਰੋ ਪ੍ਰਤੀ ਘੰਟੇ ‘ਤੇ ਖੇਤਾਂ ਵਿਚ ਕੰਮ ਕਰਨ ਲਈ ਤਿਆਰ ਹੋ ਜਾਣਗੇ?