ਪਾਕਿਸਤਾਨ ਦਾ ਫਿਰਕੂ ਚਿਹਰਾ ਆਇਆ ਸਾਹਮਣੇ
ਘੱਟ ਗਿਣਤੀਆਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ
ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਪਾਕਿਸਤਾਨ ਦੇ ਕੁਝ ਫਿਰਕੂ ਲੋਕਾਂ ਦੁਆਰਾ ਹਮਲਾ ਕਰਕੇ ਅਤੇ ਸਿੱਖਾਂ ਨੂੰ ਗਾਲੀ ਗਲੋਚ ਕਰਕੇ ਜਿੱਥੇ ਧਾਰਮਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਈਆਂ ਹਨ, ਉੱਥੇ ਇਹ ਵੀ ਸਾਫ ਸਾਬਿਤ ਹੋ ਗਿਆ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀ ਕੌਮਾਂ ਨੂੰ ਖਤਰਾ ਹੈ ਅਤੇ ਇਸਲਾਮ ਕੱਟੜਪੰਥੀਆਂ ਦਾ ਉੱਥੇ ਬੋਲਬਾਲਾ ਹੈ। ਹਮਲਾਵਰਾਂ ਨੇ ਸਿੱਖਾਂ ਨੂੰ ਪਾਕਿਸਤਾਨ ‘ਚੋਂ ਬਾਹਰ ਕੱਢੇ ਜਾਣ ਦੀ ਨਾਅਰੇਬਾਜੀ ਵੀ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ ਹਨ। ਜਿਸ ਤੋਂ ਪਿਕਸਤਾਨ ਦੇ ਸਿੱਖਾਂ ਦੇ ਹਮਾਇਤੀ ਹੋਣ ਦਾ ਨਾਕਾਬ ਵੀ ਲਹਿ ਗਿਆ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਾਰਤ ਪਾਕਿ ਸਬੰਧਾਂ ਵਿੱਚ ਸੁਧਾਰ ਦੀ ਆਸ ਬੱਝੀ ਸੀ, ਪ੍ਰੰਤੂ ਇਤਿਹਾਸਕ ਧਾਰਮਿਕ ਸਥਾਨ ‘ਤੇ ਹਮਲਾ ਹੋਣ ਨਾਲ ਪਾਕਿਸਤਾਨ ਦੇ ਲੋਕਾਂ ਅਤੇ ਸਰਕਾਰ ਦੇ ਮਨਾਂ ਵਿੱਚ ਮੱਚ ਰਹੀ ਨਫਰਤ ਤੇ ਕੁੜੱਤਣ ਦਾ ਸੱਚ ਸਾਹਮਣੇ ਆਇਆ ਹੈ। ਇਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਇਨਸਾਫ ਲਈ ਮੰਗ ਵੀ ਕੀਤੀ ਜਾ ਰਹੀ ਹੈ। ਇਟਲੀ ਦੇ ਸਿੱਖ ਭਾਈਚਾਰੇ ਨੇ ਵੀ ਇਸ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜੇ ਜਾਣ ਦੀ ਮੰਗ ਵੀ ਕੀਤੀ ਹੈ। ਅਸਲ ਵਿੱਚ ਪਾਕਿਸਤਾਨ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਸਗੋਂ ਨਿੱਤ ਦਿਨ ਹੀ ਪਾਕਿਸਤਾਨੀਆਂ ਦੁਆਰਾ ਕੋਈ ਨਾ ਕੋਈ ਘਟੀਆ ਹਰਕਤ ਕਰ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾ ਉੱਥੇ ਸਿੱਖ ਲੜਕੀ ਨੂੰ ਅਗਵਾ ਕੀਤਾ ਗਿਆ, ਜੋ ਕਿ ਹਾਲੇ ਤੱਕ ਨਹੀ ਛੱਡੀ ਗਈ। ਇਸ ਤੋਂ ਲੱਗਦਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਸਿਰਫ ਸਿੱਖਾਂ ਨਾਲ ਮਜਾਕ ਹੈ। ਜਦੋਂ ਅੰਦਰੂਨੀ ਤੌਰ ‘ਤੇ ਉੱਥੇ ਸਿੱਖਾਂ ਦੇ ਖਿਲਾਫ ਛੜਯੰਤਰ ਰਚੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।