ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦਾ ਦੌਰਾ 24 ਤੇ 25 ਫ਼ਰਵਰੀ ਨੂੰ ਹੋਣਾ ਹੈ, ਪਰ ਉਸ ਤੋਂ ਪਹਿਲਾਂ ਅਮਰੀਕਾ ਦੀ ਇੱਕ ਏਜੰਸੀ USCIRF – ‘ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ’ ਨੇ ੲੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ’ਚ ਧਾਰਮਿਕ ਆਧਾਰ ’ਤੇ ਤਸ਼ੱਦਦ ਢਾਹੁਣ ਤੇ ਤੰਗ–ਪਰੇਸ਼ਾਨ ਕਰਨ ਦੇ ਮਾਮਲੇ ਵਧ ਗਏ ਹਨ।
ਇਸ ਤੋਂ ਇਲਾਵਾ ਇਸ ਰਿਪੋਰਟ ’ਚ ਨਿਾਗਰਿਕਤਾ ਸੋਧ ਕਾਨੁੰਨ (CAA) ਉੱਤੇ ਵੀ ਚਿੰਤਾ ਪ੍ਰਗਟਾਈ ਗਈ ਹੈ। ਇਸ ਰਿਪੋਰਟ ’ਚ ਭਾਰਤ ਨੂੰ ਟੀਅਰ–2 ਵਰਗ ਵਿੱਚ ਰੱਖਿਆ ਗਿਆ ਹੈ, ਜੋ ‘ਵਿਸ਼ੇਸ਼ ਚਿੰਤਾ ਵਾਲਾ ਦੇਸ਼’ ਦਾ ਵਰਗ ਹੈ। USCIRF ਦੀ ਇਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2018 ਤੋਂ ਬਾਅਦ ਭਾਰਤ ’ਚ ਧਾਰਮਿਕ ਤਸ਼ੱਦਦ ਦੇ ਮਾਮਲੇ ਵਧੇ ਹਨ। ਕੁਝ ਸੂਬਿਆਂ ’ਚ ਧਾਰਮਿਕ ਆਜ਼ਾਦੀ ਦੇ ਵਿਗੜਦੇ ਹਾਲਾਤ ਨੂੰ ਉਜਾਗਰ ਕੀਤਾ ਗਿਆ ਹੈ ਪਰ ਸਰਕਾਰਾਂ ਇਨ੍ਹਾਂ ਨੂੰ ਰੋਕਣ ਦਾ ਜਤਨ ਨਹੀਂ ਕਰ ਰਹੀਆਂ ਹਨ।
ਰਿਪੋਰਟ ’ਚ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਤਸ਼ੱਦਦ ਖ਼ਤਮ ਕਰਨ ਵਾਲੇ ਬਿਆਨ ਨਹੀਂ ਦਿੱਤੇ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦਾ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਨਾਲ ਸਬੰਧ ਰਿਹਾ। ਉਨ੍ਹਾਂ ਹੀ ਆਗੂਆਂ ਨੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ। ਇਸ ਰਿਪੋਰਟ ਰਾਹੀਂ ਅਮਰੀਕੀ ਸਰਕਾਰ ਨੇ ਭਾਰਤ ਸਰਕਾਰ ਸਾਹਵੇਂ ਕੁਝ ਸਿਫ਼ਾਰਸ਼ਾਂ ਰੱਖੀਆਂ ਹਨ; ਜਿਨ੍ਹਾਂ ਵਿੱਚ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਸਖ਼ਤ ਝਾੜ ਪਾਉਣਾ, ਪੁਲਿਸ ਨੂੰ ਮਜ਼ਬੂਤ ਕਰਨਾ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾਉਣਾ ਸ਼ਾਮਲ ਹਨ।
ਕਈ ਘਟਨਾਵਾਂ ਦਾ ਜ਼ਿਕਰ ਕਰਨ ਤੋਂ ਇਲਾਵਾ ਨਾਗਰਿਕਤਾ ਸੋਧ ਕਾਨੂੰਨ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਦੇਸ਼ ਦੇ ਇੱਕ ਵੱਡੇ ਵਰਗ ਵਿੱਚ ਇਸ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ।