ਰੋਮ (ਇਟਲੀ) 19 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) – ਪੂਰੀ ਦੁਨੀਆ ਕੋਰੋਨਾ ਵਾਇਰਸ ਨਾਮ ਦੀ ਫੈਲੀ ਬਿਮਾਰੀ ਨਾਲ ਸਾਹਮਣੇ ਆ ਰਹੇ ਹਾਲਾਤਾਂ ਪ੍ਰਭਾਵਿਤ ਹੋ ਰਹੀ ਹੈ। ਇਸ ਬਿਮਾਰੀ ਨੇ ਪੂਰੀ ਦੁਨੀਆ ਦੇ ਆਰਥਿਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਰੋਨਾ ਵਾਇਰਸ ਦੇ ਨਾਲ ਹੁਣ ਤੱਕ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜੇਕਰ ਗੱਲ ਕਰੀਏ ਇਟਲੀ ਦੀ ਤਾਂ ਇਟਲੀ ਯੂਰਪ ਦਾ ਪਹਿਲਾ ਦੇਸ਼ ਸੀ ਅਤੇ ਦੁਨੀਆ ਵਿੱਚੋਂ ਚੀਨ ਤੋਂ ਬਾਅਦ ਦੂਜਾ ਦੇਸ਼ ਸੀ, ਜਿਸ ਨੂੰ ਇਸ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿੱਚ ਲਿਆ। ਇਟਲੀ ਵਿੱਚ ਹੁਣ ਤੱਕ ਕੁੱਲ 1,75925 ਕੇਸ ਦਰਜ ਹੋਏ ਹਨ ਅਤੇ ਹੁਣ ਤੱਕ ਕੁੱਲ 23227 ਮੌਤਾਂ ਹੋ ਚੁੱਕੀਆਂ ਹਨ, ਪ੍ਰੰਤੂ ਕੋਰੋਨਾ ਵਾਇਰਸ ਦਾ ਪ੍ਰਭਾਵ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਇਟਲੀ ਦੀ ਸਰਕਾਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਪਰ ਇਟਲੀ ਵਿੱਚ ਰਹਿ ਰਹੇ ਬਿਨ੍ਹਾਂ ਪੇਪਰਾਂ ਅਤੇ ਕਈ ਪੇਪਰ ਹੋਣ ਦੇ ਬਾਵਜੂਦ ਵੀ ਕੁਝ ਭਾਰਤੀ ਭਾਈਚਾਰੇ ਦੇ ਲੋਕ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਤੋਂ ਵਾਂਝੇ ਹਨ। ਇਨ੍ਹਾਂ ਲੋੜਵੰਦਾਂ ਦੀ ਆਸ ਦੀ ਕਿਰਨ ਨਾਮੀ ਸੰਸਥਾ (ਰਜਿ:) ਨਿਰੰਤਰ ਸੇਵਾ ਨਿਭਾਅ ਰਹੀ ਹੈ। ਸੰਸਥਾ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ, ਸਾਡੀ ਸੰਸਥਾ ਵੱਲੋਂ ਹਰ ਇੱਕ ਲੋੜਵੰਦ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸੰਸਥਾ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਲੋੜਵੰਦ ਇਟਲੀ ਦੇ ਕਿਸੇ ਵੀ ਕੋਨੇ ਤੋਂ ਸਾਡੇ ਨਾਲ ਸੰਪਰਕ ਕਰਦੇ ਹਨ, ਅਸੀਂ ਕਿਸੇ ਸੰਭਵ ਵੀ ਜ਼ਰੀਏ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਾ, ਅਤੇ ਉਨ੍ਹਾਂ ਤੱਕ ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਕੇ ਪਹੁੰਚਾ ਰਹੇ ਹਾਂ। ਦੱਸਣਯੋਗ ਹੈ ਕਿ ਆਸ ਦੀ ਕਿਰਨ ਸੰਸਥਾ ਹੁਣ ਤੱਕ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਅਤੇ ਹੋਰ ਵਿਦੇਸ਼ੀ ਮੂਲ ਦੇ ਲੋਕਾਂ ਤੱਕ ਵੀ ਖਾਣ-ਪੀਣ ਦੀਆਂ ਵਸਤਾਂ ਦੀ ਸੇਵਾ ਨਿਭਾਅ ਰਹੀ ਹੈ। ਇਹ ਸੰਸਥਾ ਇਟਲੀ ਦੀ ਨਾਮੀ ਸੰਸਥਾ ਬਾਕੋ ਅਲੀਮੈਨਤਾਰੀ ਨਾਲ ਮਿਲ ਕੇ ਇਹ ਸੇਵਾ ਨਿਭਾਅ ਰਹੀ ਹੈ।