ਰੋਮ (ਇਟਲੀ) 27 ਅਪ੍ਰੈਲ (ਜੀ ਐਸ ਸੋਨੀ) – ਜਿੱਥੇ ਇਟਲੀ ਵਿੱਚ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਦਾ ਪ੍ਰਕੋਪ ਜਾਰੀ ਹੈ, ਉੱਥੇ ਭਾਰਤੀ ਭਾਈਚਾਰੇ ਦੇ ਲੋਕ ਇਸ ਦੁੱਖ ਦੀ ਘੜੀ ਵਿੱਚ ਆਪਣੀਅ ਸਖ਼ਤ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਇਟਲੀ ਦੇ ਲੋਕਾਂ ਨਾਲ ਮੌਢੇ ਨਾਲ ਮੋਢਾ ਜੋੜ੍ਹ ਕੇ ਮਦਦ ਕਰ ਰਹੇ ਹਨ। ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇਸ ਮੌਕੇ ਦਾ ਨਜਾਇਜ ਫਾਇਦਾ ਉਠਾ ਰਹੇ ਹਨ। ਅੱਜ ਇਕ ਦੁੱਖ ਭਰੀ ਖ਼ਬਰ ਇਟਲੀ ਦੇ ਰੋਮ ਦੇ ਨਜ਼ਦੀਕ ਪੈਂਦੇ ਕਸਬਾ ਤੋਰਸਾਲੋਰੇਨਸੋ ਤੋਂ ਸਾਹਮਣੇ ਆਈ ਹੈ, ਜਿੱਥੇ ਕਿ 3 ਪੰਜਾਬੀ ਭਾਈਚਾਰੇ ਦੇ ਨੌਜਵਾਨ ਜੋ ਹਰ ਰੋਜ਼ ਦੀ ਤਰ੍ਹਾਂ ਆਪਣੀ ਰੋਜੀ ਰੋਟੀ ਕਮਾਉਣ ਲਈ ਆਪਣੇ ਕਸਬੇ ਤੋਂ ਨਿਕਲ ਕੇ ਕਾਂਮਪੋ ਦੀ ਕਾਰਨੇ ਕਸਬੇ ਵੱਲ ਜਾ ਰਹੇ ਸਨ, ਤਾਂ ਪਿਛੋਂ ਇੱਕ ਗੱਡੀ ਆ ਕੇ ਉਨ੍ਹਾਂ ਕੋਲ ਰੁਕੀ, ਇੱਕ ਨੂੰ ਰੋਕ ਕੇ ਉਨ੍ਹਾਂ ਨੇ ਆਪਣਾ ਪੁਲਿਸ ਵਾਲੇ ਹੋਣ ਬਾਰੇ ਦੱਸਿਆ ਅਤੇ ਕਿਹਾ ਕਿ, ਆਪਣੇ ਪੇਪਰ ਦਿਖਾਉ। ਜਦੋਂ ਇਕ ਨੌਜਵਾਨ ਨੇ ਪੇਪਰਾਂ ਲਈ ਆਪਣਾ ਪਰਸ ਕੱਢਿਆ ਤਾਂ ਉਨ੍ਹਾਂ ਨੇ ਲੜਕੇ ਤੋਂ 150 ਯੂਰੋ ਖੋਹ ਲਏ, ਪਰ ਉਸ ਲੜਕੇ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਉਹ ਪੈਸੇ ਉਨ੍ਹਾਂ ਠੱਗਾਂ ਤੋਂ ਖੋਹ ਲਏ, ਅਤੇ ਨੌਜਵਾਨ ਉਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਉਨ੍ਹਾਂ ਵਿਚੋਂ ਇੱਕ ਲੜਕਾ ਜੋਂ ਪਹਿਲਾਂ ਅੱਗੇ ਚਲਾ ਗਿਆ ਸੀ, ਉਨ੍ਹਾਂ ਨੇ ਫਿਰ ਉਸਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ, ਅਸੀਂ ਪੁਲਿਸ ਵਾਲੇ ਹਾਂ ਉਸ ਲੜਕੇ ਤੋਂ ਜਦ ਕੋਈ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨਕਲ਼ੀ ਪੁਲਿਸ ਵਾਲਿਆਂ ਨੇ ਲੜਕੇ ਦੇ ਸਾਈਕਲ ਵਿੱਚ ਆਪਣੀ ਗੱਡੀ ਮਾਰੀ ਅਤੇ ਰਫੂਚੱਕਰ ਹੋ ਗਏ। ਨੌਜਵਾਨਾਂ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਗੱਡੀ ਦਾ ਨੰਬਰ ਨੋਟ ਕਰ ਲਿਆ ਸੀ। ਇਕ ਨੌਜਵਾਨ ਦੇ ਮਾਮੂਲੀ ਜਿਹੀ ਸੱਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਉਸਦੇ ਸਾਈਕਲ ਦਾ ਨੁਕਸਾਨ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਲੜਕੇ ਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨੇ ਆ ਕੇ ਮੌਕੇ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਪੁਲਿਸ ਨੇ ਲੜਕੇ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ, ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਨੌਜਵਾਨਾਂ ਵਿਚੋਂ ਇੱਕ ਨੇ ਫੋਨ ਕਰ ਕੇ ਆਸ ਦੀ ਕਿਰਨ ਸੰਸਥਾ ਦੇ ਮੈਂਬਰਾਂ ਨੂੰ ਵਧੇਰੇ ਜਾਣਕਾਰੀ ਦਿੱਤੀ। ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ, ਅਤੇ ਸਮੂਹ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਨਾ ਹੋ ਸਕੇ।