ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੀਆਂ ਫ਼ਸਲਾਂ ’ਤੇ ਅੱਜ 3 ਕਿਲੋਮੀਟਰ ਲੰਮੇ ਪਾਕਿਸਤਾਨੀ ਟਿੱਡੀ ਦਲ ਦਾ ਹਮਲਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਕਾਰਨ ਯੂਪੀ ਦੇ ਝਾਂਸੀ ਤੇ ਆਗਰਾ ਜ਼ਿਲ੍ਹਿਆਂ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉੱਧਰ ਮੱਧ ਪ੍ਰਦੇਸ਼ ’ਚ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਰੱਖਿਆ ਮਾਮਲਿਆਂ ਦੇ ਡਾਇਰੈਕਟਰ ਵਿਜੇ ਕੁਮਾਰ ਸਿੰਘ ਨੇ ਦੱਸਿਆ ਕਿ, ਪਾਕਿਸਤਾਨ ਤੋਂ ਉੱਡਿਆ ਟਿੱਡੀ ਦਲ ਦੋ ਭਾਗਾਂ ਵਿੱਚ ਵੰਡ ਕੇ ਭਾਰਤ ਪੁੱਜਾ ਹੈ। ਇੱਕ ਦਲ ਪੰਜਾਬ ’ਚ ਘੁਸਿਆ ਸੀ ਤੇ ਦੂਜਾ ਰਾਜਸਥਾਨ ’ਚ।
ਪੰਜਾਬ ਦੇ ਮਾਹਿਰਾਂ ਦੀਆਂ ਟੀਮਾਂ ਨੇ ਤਾਂ ਇਸ ਟਿੱਡੀ ਦਲ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਹੋਇਆ ਹੈ, ਪਰ ਰਾਜਸਥਾਨ ਵਾਲਾ ਦਲ ਦੋ ਕੁ ਦਿਨ ਪਹਿਲਾਂ ਅੱਗੇ ਵਧਦਾ ਹੋਇਆ ਉੱਥੋਂ ਦੇ ਦੌਸਾ ਜ਼ਿਲ੍ਹੇ ਤੱਕ ਪੁੱਜ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਛੋਟਾ ਦਲ ਅੱਜ ਝਾਂਸੀ ਪੁੱਜ ਰਿਹਾ ਹੈ। ਇਸ ਦੀ ਲੰਬਾਈ 3 ਕਿਲੋਮੀਟਰ ਦੱਸੀ ਜਾਂਦੀ ਹੈ। ਇਸ ਨਾਲ ਕਿਸਾਨਾਂ ਨੂੰ ਡਾਢੀ ਚਿੰਤਾ ਲੱਗੀ ਹੋਈ ਹੈ। ਦਰਅਸਲ, ਇਹ ਟਿੱਡੀ ਦਲ ਜਿੱਧਰ ਵੀ ਚਲਾ ਜਾਂਦਾ ਹੈ, ਉੱਥੋਂ ਦੀਆਂ ਫ਼ਸਲਾਂ ਬਰਬਾਦ ਕਰ ਦਿੰਦਾ ਹੈ। ਕਈ ਕਿਲੋਮੀਟਰਾਂ ਤੱਕ ਇਹ ਦਲ ਬਰਬਾਦੀ ਕਰਦਾ ਹੈ।ਇਨ੍ਹਾਂ ਵੱਡੀਆਂ ਟਿੱਡੀਆਂ ਨੂੰ ਰਾਤ ਸਮੇਂ ਰਸਾਇਣਾਂ (ਕੈਮੀਕਲਜ਼) ਦੇ ਸਪਰੇਅ ਨਾਲ ਆਸਾਨੀ ਨਾਲ ਮਾਰਿਆ ਜਾ ਸਕਦਾ ਹੈ।
ਕੱਲ੍ਹ ਐਤਵਾਰ ਸ਼ਾਮੀਂ ਵੀ ਇੱਕ ਟਿੱਡੀ ਦਲ ਝਾਂਸੀ ਪੁੱਜਿਆ ਸੀ। ਉਸ ਨੇ ਸ਼ਿਵਪੁਰੀ ਦੇ ਰਸਤੇ ਬਬੀਨਾ ’ਚ ਕੁਝ ਫ਼ਸਲਾਂ ਬਰਬਾਦ ਕਰ ਦਿੱਤੀਆਂ ਸਨ। ਫਿਰ ਇਹ ਟਿੱਡੀ ਦਲ ਸਕੂਵਾਂ ਢੁਕਵਾਂ ਬੰਨ੍ਹ ਲਾਗਿਓਂ ਜੰਗਲ ਵੱਲ ਚਲਾ ਗਿਆ ਸੀ। ਸ਼ਾਮ ਨੂੰ ਇਹ ਦਲ ਤਿੰਨ ਹਿੱਸਿਆਂ ’ਚ ਵੰਡਿਆ ਗਿਆ ਸੀ।