ਕੋਰੋਨਾ ਲੌਕਡਾਉਨ ਵਿਚਕਾਰ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖ਼ਬਰੀ ਹੈ। ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਸੂਬੇ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੀਆਂ ਅੰਤਮ ਸਾਲ ਦੀਆਂ ਕਲਾਸਾਂ ਚ ਪੜ੍ਹ ਰਹੇ ਵਿਦਿਆਰਥੀਆਂ ਲਈ ਮੁਫਤ ਪਾਸਪੋਰਟ ਬਣਵਾਉਣ ਦੀ ਯੋਜਨਾ ਚਲਾ ਰਹੀ ਹੈ। ਸੂਬੇ ਦੇ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਲੋਂ ਇਕ ਵਾਰ ਮੁੜ ਤੋਂ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਦਿਆਰਥੀਆਂ ਨੂੰ ਪਾਸਪੋਰਟ ਬਣਵਾਉਣ ਲਈ ਪ੍ਰੇਰਿਤ ਕਰਨ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਅਕਸਰ ਵੇਖਿਆ ਗਿਆ ਹੈ ਕਿ ਸੂਬੇ ਦੇ ਅਜਿਹੇ ਕਾਲਜਾਂ ਚ ਪੜ੍ਹਦੇ ਵਿਦਿਆਰਥੀ ਵਿਦੇਸ਼ਾਂ ਵਿਚ ਚੰਗੀਆਂ ਯੂਨੀਵਰਸਿਟੀਆਂ ਦੇ ਗਿਆਨ ਦੀ ਘਾਟ ਕਾਰਨ ਅਗਲੀ ਪੜ੍ਹਾਈ ਨਹੀਂ ਕਰ ਪਾਉਂਦੇ, ਜਿਸ ਕਾਰਨ ਵਿਦੇਸ਼ਾਂ ਚ ਉਨ੍ਹਾਂ ਦੀਆਂ ਨੌਕਰੀਆਂ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਇਸ ਦੇ ਮੱਦੇਨਜ਼ਰ ਸੂਬਾਈ ਸਰਕਾਰ ਨੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਫਾਈਨਲ ਈਅਰ ਕਲਾਸਾਂ ਚ ਪੜ੍ਹ ਰਹੇ ਵਿਦਿਆਰਥੀਆਂ ਦੇ ਕਾਲਜ ਵਿੱਚ ਹੀ ਪਾਸਪੋਰਟ ਬਣਵਾਉਣ ਦੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।