14 ਜੂਨ ਕਰੇਮੋਨਾ, 21 ਜੂਨ ਬੋਲਜਾਨੋ ਅਤੇ 27 ਜੂਨ ਨੂੰ ਫਲੈਰੋ ਵਿਖੇ ਕੈਂਪ ਲੱਗੇਗਾ
ਮਿਲਾਨ (ਇਟਲੀ) 11 ਜੂਨ (ਪੱਤਰ ਪ੍ਰੇਰਕ) – ਇਟਲੀ ‘ਚ ਖੁੱਲੀ ਇਮੀਗ੍ਰੇਸ਼ਨ ਦੇ ਮੱਦੇਨਜਰ ਇਟਲੀ ਵਿਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਮਦਦ ਪ੍ਰਦਾਨ ਕਰਨ ਹਿੱਤ ਇੰਡੀਅਨ ਕੌਂਸਲੇਟ ਜਨਰਲ ਆੱਫ ਮਿਲਾਨ ਦੁਆਰਾ ਬਹੁਤ ਜਲਦ “ਸ਼ਪੈਸ਼ਲ ਪਾਸਪੋਰਟ ਕੈਂਪ” ਲਗਾਏ ਜਾ ਰਹੇ ਹਨ। ਇਨਾਂ ਵਿੱਚ ਸਿਰਫ ਬਗੈਰ ਪੇਪਰਾਂ ਤੋਂ ਰਹਿਣ ਵਾਲੇ ਭਾਰਤੀਆਂ ਦੇ ਪਾਸਪੋਰਟ ਰੀਨਿਊ ਕਰਨ ਅਤੇ ਨਵੇਂ ਪਾਸਪੋਰਟ ਬਨਾਉਣ ਸਬੰਧੀ ਦਰਖ਼ਾਸਤਾਂ ਲਈਆਂ ਜਾਣਗੀਆਂ। ਇਸ ਲੜ੍ਹੀ ਤਹਿਤ ਨਾੱਰਥ ਇਟਲੀ ਵਿਚ ਪਹਿਲਾ “ਸ਼ਪੈਸ਼ਲ ਪਾਸਪੋਰਟ ਕੈਂਪ” ਮਿਤੀ 14 ਜੂਨ ਨੂੰ ਐਤਵਾਰ ਵਾਲੇ ਦਿਨ ਕਰੇਮੋਨਾ ਨੇੜ੍ਹਲੇ ਸ਼੍ਰੀ ਦੁਰਗਿਆਨਾ ਮੰਦਰ ਕਾਸਤਲਵੇਰਦੇ ਵਿਖੇ ਲਗਾਇਆ ਜਾਵੇਗਾ। ਇਸੇ ਪ੍ਰਕਾਰ 21 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਅਤੇ 27 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵੀ ਕੌਂਸਲੇਟ ਜਨਰਲ ਦੁਆਰਾ ਅਜਿਹੇ ਪਾਸਪੋਰਟ ਕੈਂਪ ਲਗਾਏ ਜਾਣ ਦੀ ਵਿਊਂਤਬੰਦੀ ਹੈ। ਕੌਂਸਲੇਟ ਅਧਿਕਾਰੀਆਂ ਨੇ ਦੱਸਿਆ ਕਿ, ਇਟਲੀ ਸਰਕਾਰ ਦੁਆਰਾ ਇੱਥੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੇਪਰ ਮੁਹੱਈਆ ਕਰਵਾਏ ਜਾਣ ਦੀ ਪ੍ਰਕਿਰਿਆਂ ਨੂੰ ਦੇਖਦਿਆਂ ਲੋੜਵੰਦ ਭਾਰਤੀਆਂ ਲਈ ਜਲਦ ਪਾਸਪੋਰਟ ਮੁਹੱਈਆ ਕਰਵਾਉਣ ਦੇ ਲਈ ਇਟਲੀ ਵਿਚ ਅੰਬੈਸੀਆਂ ਦੁਆਰਾ ਅਜਿਹੇ ਸਪੈਸ਼ਲ ਪਾਸਪੋਰਟ ਕੈਂਪ ਲਗਾਉਣ ਦਾ ਪ੍ਰੋਗਰਾਮ ਬਣਾਇਆ ਹੈ। ਫਿਰ ਦੱਸਣਯੋਗ ਹੈ ਕਿ ਇਨਾਂ ਦਾ ਲਾਭ ਕੇਵਲ ਤੇ ਕੇਵਲ ਬਿਨਾਂ ਪੇਪਰਾਂ ਵਾਲੇ ਭਾਰਤੀਆਂ ਨੂੰ ਹੀ ਮਿਲੇਗਾ ਅਤੇ ਕੇਵਲ ਬਿਨਾਂ ਪੇਪਰਾਂ ਵਾਲੇ ਭਾਰਤੀ ਹੀ ਇਨਾਂ ਕੈਂਪਜ ਵਿੱਚ ਪਾਸਪੋਰਟ ਸਬੰਧੀ ਅਰਜੀਆਂ ਦੇਣ ਲਈ ਪਹੁੰਚਣ।