ਰੋਮ (ਇਟਲੀ) 02 ਦਸੰਬਰ (ਗੁਰਸ਼ਰਨ ਸਿੰਘ ਸੋਨੀ) – ਅਕਸਰ ਹੀ ਸੁਣਦੇ ਅਤੇ ਦੇਖਦੇ ਆਏ ਹਾਂ ਕਿ ਏਕਤਾ ਵਿੱਚ ਬਲ ਹੁੰਦਾ ਹੈ, ਇੱਕਠੇ ਹੋ ਕੇ ਹਰ ਕੰਮ ਨੂੰ ਨੇਪਰੇ ਚਾੜ ਸਕਦੇ ਹਾਂ. ਇਸ ਸਮੇ ਭਾਰਤ ਸਰਕਾਰ ਦੇ ਵਿਰੁੱਧ ਪੰਜਾਬ ਸਮੇਤ ਹੋਰ ਰਾਜਾਂ ਦੇ ਕਿਸਾਨਾਂ ਵਲੋਂ ਵੀ ਦਿੱਲੀ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ. ਇਸ ਅੰਦੋਲਨ ਦੀਆਂ ਗੂੰਜਾਂ ਜਿਥੇ ਭਾਰਤ ਵਿੱਚ ਸੁਣ ਰਹੀਆਂ ਹਨ, ਇਸ ਦੇ ਨਾਲ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਵਿੱਚ ਵੀ ਗੂੰਜ ਰਹੀਆਂ ਹਨ. ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਪਰਵਾਸੀ ਭਾਰਤੀਆਂ ਵਲੋਂ ਕਿਸਾਨਾਂ ਦਾ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ. ਇੰਗਲੈਂਡ, ਫਰਾਂਸ, ਜਰਨਮ ਅਤੇ ਕਨੇਡਾ ਆਦਿ ਦੇਸ਼ਾਂ ਵਿੱਚ ਵੀ ਪਰਵਾਸੀ ਪੰਜਾਬੀਆ ਵਲੋਂ ਡੱਟ ਕੇ ਹਿਮਾਇਤ ਕੀਤੀ ਜਾ ਰਹੀ ਹੈ. ਇਟਲੀ ਵਿੱਚ ਵੀ ਆਏ ਦਿਨ ਪ੍ਰਵਾਸੀ ਭਾਰਤੀਆਂ ਵਲੋਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾ ਕੇ ਇਸ ਅੰਦੋਲਨ ਵਿੱਚ ਹਰ ਪੱਖ ਤੋਂ ਸਹਾਇਤਾ ਕਰਨ ਦਾ ਐਲਾਨ ਕੀਤੇ ਜਾ ਰਹੇ ਹਨ. ਇਟਲੀ ਦੀ ਰਾਜਧਾਨੀ ਰੋਮ ਦੇ ਪੰਜਾਬੀ ਨੌਜਵਾਨਾਂ ਕਾਮਿਆਂ ਵਲੋਂ ਵੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਗਿਆ ਹੈ. ਇਸੇ ਲੜੀ ਦੇ ਤਹਿਤ ਰੋਮ ਦੇ ਨਜ਼ਦੀਕ ਪੈਂਦੇ ਸ਼ਹਿਰ ਲਵੀਨੀਉ ਦੇ ਸਭ ਤੋਂ ਵੱਡੇ ਖੇਤੀਬਾੜੀ ਨਾਲ ਸਬੰਧਤ ਖੇਤੀ ਫਾਰਮ ਰੀਚੀ ਫਾਰਮ ਅਤੇ ਪੋਮੇਸੀ਼ਆ ਵਿੱਚ ਸਥਿਤ ਰਿਸਪਾਰਮੀਆ ਕਾਂਸਾ ਡਿਸਟੀਬੂਟਰ ਕੰਪਨੀ ਦੇ ਪੰਜਾਬੀ ਕਾਮਿਆਂ ਵੱਲੋਂ ਪੂਰਨ ਤੌਰ ਤੇ ਕਿਸਾਨਾਂ ਦੇ ਅੰਦੋਲਨ ਸਮਰਥਨ ਕੀਤਾ ਗਿਆ ਹੈ. ਪ੍ਰੈਸ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਕੰਪਨੀਆਂ ਵਿੱਚ ਕੰਮਕਰ ਰਹੇ ਪੰਜਾਬੀ ਨੌਜਵਾਨਾਂ ਨੇ ਆਖਿਆ ਕਿ, ਇਹ ਖੇਤੀ ਆਰਡੀਨੈਂਸ ਬਿੱਲ ਬਿਲਕੁਲ ਗਲਤ ਬਣਾਏ ਗਏ ਹਨ, ਜਿਸ ਕਰਕੇ ਅੱਜ ਦੇਸ਼ ਦੇ ਕਿਸਾਨਾਂ ਨੂੰ ਸੜਕਾਂ ਉਤੇ ਦਿਨ ਰਾਤਾਂ ਗੁਜਾਰਨੀਆ ਪੈ ਰਹੀਆਂ ਹਨ. ਉਨ੍ਹਾਂ ਕਿਹਾ, ਜੇਕਰ ਸਾਡੇ ਭਾਰਤ ਦੇਸ਼ ਦੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾ ਸਾਨੂੰ ਅੱਜ ਇਨ੍ਹਾਂ ਵਿਦੇਸ਼ਾਂ ਦੀ ਧਰਤੀ ਤੇ ਰੁਜ਼ਗਾਰ ਲਈ ਆ ਕੇ ਨਾ ਵਸਣਾ ਪੈਂਦਾ ਅਤੇ ਕੋਈ ਵੀ ਨੌਜਵਾਨ ਆਪਣੇ ਪਰਿਵਾਰਾਂ, ਦੋਸਤਾ, ਰਿਸ਼ਤੇਦਾਰਾਂ ਨੂੰ ਨਹੀਂ ਸੀ ਛੱਡਣਾ ਚਾਹੁੰਦਾ। ਇਨ੍ਹਾਂ ਸਰਕਾਰਾਂ ਦੁਆਰਾ ਬਣਾਏ ਗਏ ਸਿਸਟਮਾਂ ਕਰਕੇ ਹੀ ਅੱਜ ਪੰਜਾਬ ਅਤੇ ਭਾਰਤ ਦੇ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ. ਉਨ੍ਹਾਂ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਹ ਖੇਤੀ ਬਿੱਲਾ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ ਅਤੇ ਦੇਸ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਬਿਲਕੁਲ ਖਤਮ ਹੋ ਜਾਵੇਗਾ।
ਦੱਸਣਯੋਗ ਹੈ ਕਿ ਇਟਲੀ ਵਿੱਚ ਲਗਾਤਾਰ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ. ਇਥੋਂ ਤੱਕ ਪ੍ਰਵਾਸੀ ਪੰਜਾਬੀ ਬੀਬੀਆਂ ਵਲੋਂ ਵੀ ਇਟਲੀ ਦੀ ਧਰਤੀ ਤੋਂ ਕਿਸਾਨਾਂ ਦੇ ਹੱਕਾਂ ਲਈ ਹਿਮਾਇਤ ਕੀਤੀ ਗਈ ਹੈ ਅਤੇ ਅੰਦੋਲਨ ਦਾ ਡੱਟ ਕੇ ਸਾਥ ਦੇਣ ਦੀ ਗੱਲ ਕਹੀ ਗਈ ਹੈ।