ਸੁੱਖ ਸਾਂਦ ਲੈ ਕੇ ਆਵੇ, ਮੇਰੀ ਕਵਿਤਾ ਦੇ ਵਿਹੜੇ,
ਪਿੰਡ ਮੇਰੇ ਜਦੋਂ ਜਾਵੇ,ਆ ਤਰੰਗ ਨਵੀਂ ਛੇੜੇ,
ਮੇਰੀ ਮਾਂ ਦਾ ਸੁਣਾਵੇ,ਦੱਸੇ ਵੀਰਾਂ ਦਾ ਕੀ ਹਾਲ,
ਲੈ ਕੇ ਖੁਸ਼ੀਆਂ ਦੇ ਥਾਲ,ਸ਼ਾਲਾ ਆਵੇ ਨਵਾਂ ਸਾਲ।
ਮੁੱਕ ਜਾਣ ਸਾਰੇ ਝੇੜੇ, ਹੋਣ ਦੁੱਖਾਂ ਦੇ ਨਬੇੜੇ,
ਧੀਆਂ ਪੁੱਤਾਂ ਨਾਲ ਖੇੜੇ,ਸਾਰੇ ਰਹਿਣ ਨੇੜੇ ਨੇੜੇ,
ਭੈਣ ਭਾਈ ਦੂਰ ਨੇੜੇ,ਰਹਿਣ ਸੁਖੀ ਖੁਸ਼ਹਾਲ,
ਲੈ ਕੇ ਖੁਸ਼ੀਆਂ ਦੇ ਥਾਲ,ਸ਼ਾਲਾ ਆਵੇ ਨਵਾਂ ਸਾਲ।
ਹਾਸੇ ਖੇੜਿਆਂ ਚ’ ਖੇਡੇ,ਹਰ ਘਰ ਪਰਿਵਾਰ,
ਦੁਨੀਆਂ ਦੇ ਕੋਨੇ ਕੋਨੇ,ਵਸੇ ਰਸੇ ਸੰਸਾਰ,
ਡਿੱਗੇ ਪੈਰਾਂ ਵਿੱਚ ਜਿਹੜਾ,ਰੱਖੀਂ ਤੂੰ ਸੰਭਾਲ,
ਲੈ ਕੇ ਖੁਸ਼ੀਆਂ ਦੇ ਥਾਲ,ਸ਼ਾਲਾ ਆਵੇ ਨਵਾਂ ਸਾਲ।
ਹੱਥ ਜੋੜ ਅਰਜੋਈ,ਤੇਰੇ ਦਰ ਮਿਲੇ ਢੋਈ,
ਦੁੱਖਾਂ ਵਿੱਚ ਜੋ ਸਹਾਰਾ,ਹੈ ਸੁੱਖਾਂ ਵਿੱਚ ਸੋਈ,
ਕਰੇ ਤੇਰਾ ਸ਼ੁਕਰਾਨਾ,ਹਰ ਪੱਤਾ ਹਰ ਡਾਲ਼,
ਲੈ ਕੇ ਖੁਸ਼ੀਆਂ ਦੇ ਥਾਲ,ਸ਼ਾਲਾ ਆਵੇ ਨਵਾਂ ਸਾਲ।
- ਸਤਵੀਰ ਸਾਂਝ