ਕਰਤਾਰਪੁਰ ਦੇ ਲਾਂਘੇ ਨੂੰ ਸਿੱਖਾਂ ਲਈ ਖੋਲ੍ਹਣ ਦੀ ਗੱਲ ਕਰ ਪਾਕਿਸਤਾਨ ਫੋਕੀ ਸ਼ੌਹਰਤ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਰਤਾਰਪੁਰ ਜੋ ਕਿ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਹੈ, ਪਿਛਲੇ 20 ਸਾਲਾਂ ਤੋਂ ਭਾਰਤ ਕਰਤਾਰਪੁਰ ਲਾਂਘੇ ਨੂੰ ਸਿੱਖਾਂ ਲਈ ਬਿਨਾਂ ਵੀਜਾ ਮਨਜੂਰ ਕਰਨ ਦੀ ਅਪੀਲ ਕਰਦਾ ਰਿਹਾ, ਕਿਉਂਕਿ ਕਰਤਾਰਪੁਰ ਸਿੱਖਾਂ ਦਾ ਮੱਕਾ ਹੈ, ਜਿੱਥੇ ਹਰ ਸਿੱਖ ਨੂੰ ਨਤਮਸਤਕ ਹੋਣ ਦਾ ਮਨੁੱਖੀ ਅਧਿਕਾਰ ਹੈ। ਸਿੱਖ ਪਾਕਿਸਤਾਨ ਵਿਚ ਘੱਟ ਗਿਣਤੀਆਂ ਤਹਿਤ ਆਉਂਦੇ ਹਨ, ਜਿੱਥੇ ਸਿੱਖਾਂ ਦੀ ਕੋਈ ਵੱਖਰੀ ਪਹਿਚਾਣ ਨਹੀਂ ਹੈ। ਪਾਕਿਸਤਾਨ ਵਿਚ ਹਿੰਦੂ-ਸਿੱਖਾਂ ਨੂੰ ਮਰਦਮਸ਼ੁਮਾਰੀ ਦੇ ਤਹਿਤ ਵੀ ਇਕੋ ਸ਼੍ਰੇਣੀ ਦੇ ਵਿਚ ਰੱਖਿਆ ਗਿਆ ਹੈ। ਘੱਟ ਗਿਣਤੀਆਂ ਨੂੰ ਪਾਕਿਸਤਾਨ ਵਿਚ ਜਬਰੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ। ਅਮਰੀਕੀ ਰਾਜ ਵਿਭਾਗ ਅਨੁਸਾਰ ਪਾਕਿਸਤਾਨ ਵਿਚ 20 ਹਜਾਰ ਸਿੱਖ ਹਨ, ਜਦਕਿ ਪਾਕਿਸਤਾਨ ਦੀ ਮਰਦਮਸ਼ੁਮਾਰੀ ਵਿਚ 6146 ਦਰਜ ਕੀਤੇ ਗਏ। ਜੇ ਹੋਰ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਅਫਗਾਨਿਸਤਾਨ ਤੋਂ ਸਿੱਖਾਂ ਦੀ ਵੱਡੀ ਗਿਣਤੀ ਮਾਈਗ੍ਰੇਟ ਹੋਈ। ਜੇ ਅਫਗਾਨੀ ਸਿੱਖਾਂ ਨੂੰ ਅਮਰੀਕੀ ਰਾਜ ਵਿਭਾਗ ਦੇ ਅੰਕੜਿਆਂ ਨਾਲ ਘੋਖਿਆ ਜਾਵੇ ਤਾਂ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ 30 ਹਜਾਰ ਦੇ ਕਰੀਬ ਬਣਦੀ ਹੈ। ਆੱਨਲਾਈਨ ਅਖ਼ਬਾਰ ਏਸ਼ੀਆ ਸਮਾਚਾਰ ਵੱਲੋਂ ਇਕ ਵੱਡਾ ਖੁਲਾਸਾ ਕੀਤਾ ਗਿਆ, ਜਿਸ ਤਹਿਤ ਇਹ ਸਾਹਮਣੇ ਆਇਆ ਕਿ ਅੰਅਰਰਾਸ਼ਟਰੀ ਪੱਧਰ ਤੇ ਸਿੱਖਾਂ ਦੀ ਕਾਮਯਾਬੀ ਦਿਨ ਦੁੱਗਣੀ ਰਾਤ ਚੌਗੁਣੀ ਹੋ ਰਹੀ ਹੈ ਅਤੇ ਸਿੱਖ ਪੱਛਮੀ ਸੱਭਿਆਚਾਰ ਵਿਚ ਘੁਲ ਮਿਲ ਰਹੇ ਹਨ। ਜਿਸਦੇ ਚੱਲਦਿਆਂ ਮਾਨਸਿਕ ਤੌਰ ਤੇ ਹਾਲਾਤਾਂ ਨਾਲ ਜੂਝ ਰਹੇ ਪਾਕਿਸਤਾਨ ਵਿਚ ਵੱਸੇ ਹਿੰਦੂ ਇਸਲਾਮ ਕਬੂਲ ਕਰਨ ਲਈ ਮਜਬੂਰ ਹੋ ਰਹੇ ਹਨ। ਸਿੰਧ ਦੇ ਪੇਂਡੂ ਇਲਾਕਿਆਂ ਵਿਚ ਹਿੰਦੂ ਲੜਕੀਆਂ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ। ਪਾਕਿਸਤਾਨ ਦੇ ਹਿਊਮਨ ਰਾਈਟਸ ਕਮਿਸ਼ਨ ਅਨੁਸਾਰ ਧਾਰਮਿਕ ਘੱਟ ਗਿਣਤੀ ਸੌਖਾ ਟਾਰਗੈੱਟ ਹੈ, ਜਿਨ੍ਹਾਂ ਨੂੰ ਜਲਦ ਆਪਣੇ ਸ਼ਿਕੰਜੇ ਵਿਚ ਜਕੜਿਆ ਜਾ ਸਕਦਾ ਹੈ। ਪਾਕਿਸਤਾਨ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਹਿੰਦੂ ਅਤੇ ਸਿੱਖ ਔਰਤਾਂ ਨੂੰ ਜਬਰੀ ਮੁਸਲਮਾਨਾਂ ਨਾਲ ਵਿਆਹਿਆ ਜਾਂਦਾ ਹੈ। ਜਿਸ ਨਾਲ ਉਹ ਇਸਲਾਮ ਕਬੂਲ ਕਰ ਲੈਣ। ਗੈਰ ਮੁਸਲਿਮ ਲੋਕਾਂ ਨੂੰ ਇਸਲਾਮਕ ਗਤੀਵਿਧੀਆਂ ਖਿਲਾਫ ਬੋਲਣ ਦਾ ਅਧਿਕਾਰ ਨਹੀਂ। 7 ਦਹਾਕੇ ਪਹਿਲਾਂ ਪਾਕਿਸਤਾਨ ਹਿੰਦੂ ਅਤੇ ਸਿੱਖਾਂ ਦਾ ਘਰ ਹੁੰਦਾ ਸੀ, ਪਰ ਹੁਣ ਬਹੁਤ ਸਾਰੇ ਹਿੰਦੂ ਉੱਥੇ ਬਰਬਾਦ ਹੋ ਕੇ ਬੇਘਰ ਹੋ ਚੁੱਕੇ ਹਨ। ਹਿੰਦੂ ਅਤੇ ਸਿੱਖ ਭਾਈਚਾਰਾ ਭੂ ਮਾਫੀਆ ਦਾ ਸ਼ਿਕਾਰ ਹੋਇਆ ਹੈ। ਜਿਸਦੇ ਚੱਲਦਿਆਂ ਬਹੁਤ ਸਾਰੇ ਹਿੰਦੂ ਅਤੇ ਸਿੱਖ ਧਾਰਮਿਕ ਸਥਾਨ, ਪੁਰਾਣੀਆਂ ਇਮਾਰਤਾਂ, ਹਵੇਲੀਆਂ ਆਦਿ ਜਬਰੀ ਢਹਿ ਢੇਰੀ ਕੀਤੇ ਗਏ। ਫਰਵਰੀ ਵਿਚ ਇਸਾਈ ਧਰਮ ਨਾਲ ਸਬੰਧਿਤ ਵਿਆਹੁਤਾ 35ਸਾਲਾ ਸਾਈਮਾ ਇਕਬਾਲ ਨੂੰ ਮੁਸਲਿਮ ਖਾਲਿਦ ਸੱਤੀ ਨੇ ਅਗਵਾਹ ਕੀਤਾ, ਜੋ ਕਾਲ ਸੈਂਟਰ ਤੋਂ ਆਪਣੀ ਰਾਤ ਦੀ ਡਿਊਟੀ ਕਰ ਕੇ ਘਰ ਜਾ ਰਹੀ ਸੀ। ਹੈਰਾਨੀਜਨਕ ਹੈ ਕਿ ਪੁਲਿਸ ਵੱਲੋਂ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਅਖੀਰੀ ਸਾਈਮਾ ਦੇ ਪਤੀ ਇਕਬਾਲ ਵੱਲੋਂ ਆਤਮਦਾਹ ਦੀ ਧਮਕੀ ਦੇਣ ਉਪਰੰਤ ਸਾਈਮਾ ਨੂੰ 5 ਮਾਰਚ ਦੀ ਸ਼ਾਮ ਨੂੰ ਅਗਵਾਹਕਾਰੀਆਂ ਕੋਲੋਂ ਛੁਡਵਾਇਆ ਗਿਆ। ਦੋਵੇਂ ਪਤੀ-ਪਤਨੀ ਵੱਲੋਂ ਵੀਡੀਓ ਸੁਨੇਹੇ ਰਾਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਨਸਾਫ ਲਈ ਦਖਲਅੰਦਾਜੀ ਦੀ ਅਪੀਲ ਕੀਤੀ ਗਈ। ਇਕਬਾਲ ਵੱਲੋਂ ਸਮੂਹ ਇਸਲਾਮਕ ਭਾਈਚਾਰੇ ਨੂੰ ਸਵਾਲ ਕੀਤਾ ਗਿਆ ਕਿ ਜੇ ਉਸਦੀ ਪਤਨੀ ਦੀ ਥਾਂ ਵਿਦੇਸ਼ਾਂ ਵਿਚ ਵੱਸੇ ਕਿਸੇ ਹੋਰ ਇਸਾਈ ਦੀ ਪਤਨੀ ਹੁੰਦੀ ਤਾਂ ਉਹ ਕੀ ਕਰਦੇ? ਅਜਿਹੇ ਹਾਲਾਤਾਂ ਵਿਚ ਰਹਿਣ ਤੋਂ ਬਿਹਤਰ ਹੈ ਕਿ ਘੱਟ ਗਿਣਤੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਣ। ਉਸ ਨੇ ਸਮੂਹ ਇਸਾਈ ਭਾਈਚਾਰੇ ਨੁੰ ਮਦਦ ਦੀ ਗੁਹਾਰ ਲਗਾਈ। 15 ਸਾਲਾਂ ਤੋਂ ਆਪਣੀ ਵਿਆਹੁਤਾ ਨੂੰ ਜੀਸਸ ਦੇ ਨਾਮ ਤੇ ਛੁਡਾਉਣ ਦੀ ਅਪੀਲ ਵੀ ਕੀਤੀ। ਸ਼ਿਰਾਜ ਖਾਨ ਵੱਲੋਂ ਵੀ ਇਮਰਾਨ ਖਾਨ ਸਰਕਾਰ ਦੀ ਇਸ ਮੁੱਦੇ ਨੂੰ ਲੈ ਕੇ ਵੱਡੇ ਪੱਧਰ ਤੇ ਨਿਖੇਧੀ ਕੀਤੀ ਗਈ। ਇਮਰਾਨ ਖਾਨ ਵੱਲੋਂ ਚੋਣਾਂ ਦੌਰਾਨ ਘੱਟ ਗਿਣਤੀਆਂ ਦੀ ਮਦਦ ਅਤੇ ਇਨਸਾਫ ਦੁਵਾਉਣ ਦੇ ਵਾਅਦੇ ਸਾਈਮਾ ਇਕਬਾਲ ਦੇ ਅਗਵਾਹ ਹੋਣ ਤੋਂ ਬਾਅਦ ਝੂਠੇ ਨਜਰ ਆਏ। ਇਮਰਾਨ ਖਾਨ ਨੇ ਨਵੇਂ ਪਾਕਿਸਤਾਨ ਦੀ ਗੱਲ ਕੀਤੀ ਸੀ ਅਤੇ ਸ਼ਿਰਾਜ ਖਾਨ ਅਨੁਸਾਰ ਅੱਜ ਵੀ ਜਨਰਲ ਜਿਆ ਉਲ ਹੱਕ ਵਾਲਾ ਉਹੀ ਪਾਕਿਸਤਾਨ ਹੈ, ਜੋ ਸਿਰਫ ਆਪਣੇ ਹੁਕਮਾਂ ਦੀ ਤਾਲੀਮ ਕਰਦਾ ਸੀ। ਕਰਤਾਰਪੁਰਕੋਰੀਡੋਰ ਪ੍ਰਾਜੈਕਟ ਨੂੰ ਸਿਰੇ ਚੜਾਉਣ ਲਈ ਸਥਾਨਕ ਪਿੰਡ ਵਾਸੀਆਂ ਤੋਂ ਜਬਰੀ ਜਮੀਨ ਕੁਆਇਰ ਕੀਤੀ ਗਈ, ਇੱਥੋਂ ਤੱਕ ਕਿ ਖੋਟੇ ਖੁਰਦ ਦੀ ਜਮੀਨ ਗੰਨ ਪੁਆਇੰਟ ਤੇ ਲੋਕਾਂ ਤੋਂ ਖੋਹੀ ਗਈ ਅਤੇ 600 ਪਿੰਡ ਵਾਸੀਆਂ ਨੂੰ ਤੁਰੰਤ ਘਰ ਖਾਲੀ ਕਰ ਕੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ। ਖੋਟੇ ਖੁਰਦ ਵਾਸੀ ਹਾਜੀ ਅਰਸ਼ਦ ਨੇ ਆਪਣਾ ਦੁਖੜਾ ਸੁਣਾਉਂਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਿਰਫ ਘਰ ਅਤੇ ਜਮੀਨ ਛੱਡ ਕੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ। ਖੜ੍ਹੀ ਫਸਲ ਅਤੇ ਭਰੇ ਪੂਰੇ ਘਰ ਨੂੰ ਛੱਡ ਕੇ ਜਾਣ ਬਦਲੇ ਮੁਆਵਜੇ ਦੀ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ, ਆਪਣੇ ਪੂਰਵਜਾਂ ਦੀ ਧਰਤੀ ਨੂੰ ਛੱਡ ਕੇ ਜਾਣਾ ਅਤਿਅੰਤ ਦੁੱਖਦਾਈ ਸੀ। ਇਕ ਹੋਰ ਕਿਸਾਨ ਮੁਹੰਮਦ ਅਫਜਲ ਨੇ ਕਿਹਾ ਕਿ, ਅਸੀਂ ਪ੍ਰਸ਼ਾਸਨ ਨੂੰ ਬਹੁਤ ਮਿੰਨਤ ਤਰਲੇ ਕੀਤੇ ਕਿ ਆਪਣੇ ਪੂਰਵਜਾਂ ਦੀ ਧਰਤੀ ਨੂੰ ਛੱਡ ਕੇ ਜਾਣ ਨੂੰ ਨਾ ਕਿਹਾ ਜਾਵੇ। ਢੋਡੇ ਪਿੰਡ ਦਾ ਖਾਲਿਦ ਅਹਿਮਦ ਸਿੱਖ ਧਾਰਮਿਕ ਸਥਾਨ ਲਈ ਜਮੀਨ ਦੇਣ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ, ਪਰ ਉਸਦਾ ਮੰਨਣਾ ਹੈ ਕਿ ਸਾਡੀ ਜਮੀਨ ਜਬਰੀ ਨਾ ਖੋਹੀ ਜਾਵੇ। ਜਿਸ ਤਰ੍ਹਾਂ ਭਾਰਤ ਪਾਸੇ ਵਾਲੇ ਪੇਂਡੂ ਹਲਕਿਆਂ ਦੀ ਜਮੀਨ ਰਾਹਦਾਰੀ ਲਈ ਭਾਰਤ ਸਰਕਾਰ ਵੱਲੋਂ 50-70 ਲੱਖ ਵਿਚ ਮੁੱਲ ਖ੍ਰੀਦੀ ਗਈ ਹੈ, ਉਸੇ ਤਰ੍ਹਾਂ ਸਾਨੂੰ ਵੀ ਸਰਕਾਰੀ ਮੁਆਵਜਾ ਲਾਜਮੀ ਮਿਲਣਾ ਚਾਹੀਦਾ ਹੈ।