ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੀ ਬਲੈਕ–ਲਿਸਟ (ਕਾਲ਼ੀ–ਸੂਚੀ) ਖ਼ਤਮ ਕਰਨ ਬਾਰੇ ਉਨ੍ਹਾਂ ਦੀ ਪਾਰਟੀ ਦੀ ਬੇਨਤੀ ਪ੍ਰਵਾਨ ਕਰ ਲਈ ਹੈ। ਚੇਤੇ ਰਹੇ ਕਿ ਇਹ ਸੂਚੀ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ ਤੇ ਹੋਰ ਅਜਿਹੇ ਕਈ ਦੇਸ਼ਾਂ ਵਿੱਚ ਮੌਜੂਦ ਭਾਰਤੀ ਸਫ਼ਾਰਤਖਾਨਿਆਂ, ਹਾਈ ਕਮਿਸ਼ਨ ਦਫ਼ਤਰਾਂ ਤੇ ਕੌਂਸਲੇਟ ਦਫ਼ਤਰਾਂ ’ਚ ਮੌਜੂਦ ਹੈ।
ਜਿਹੜੇ ਸਿੱਖਾਂ ਦੇ ਨਾਂਅ ਇਸ ਕਾਲ਼ੀ–ਸੂਚੀ ਵਿੱਚ ਸ਼ਾਮਲ ਹਨ, ਉਹ ਕਦੇ ਭਾਰਤ ਨਹੀਂ ਆ ਸਕਦੇ। ਉਨ੍ਹਾਂ ਨੂੰ ਭਾਰਤੀ ਵੀਜ਼ਾ ਮਨਜ਼ੂਰ ਹੀ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ, ਸਫ਼ਾਰਤਖਾਨਿਆਂ/ਦੂਤਾਵਾਸਾਂ ਵੱਲੋਂ ਤਿਆਰ ਕੀਤੀਆਂ ਇਨ੍ਹਾਂ ਸਥਾਨਕ ਸੂਚੀਆਂ ਕਾਰਨ ਹਜ਼ਾਰਾਂ ਐੱਨਆਰਆਈਜ਼ ਤੇ ਉਨ੍ਹਾਂ ਦੇ ਬੱਚੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਸ੍ਰੀ ਸੁਖਬੀਰ ਬਾਦਲ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪਹਿਲਾਂ ਇਹ ਕਾਲ਼ੀ–ਸੂਚੀ 314 ਵਿਅਕਤੀਆਂ ਦੀ ਹੁੰਦੀ ਸੀ ਪਰ ਹੁਣ ਇਹ ਘਟ ਕੇ 40 ਸਿੱਖਾਂ ਦੀ ਰਹਿ ਗਈ ਹੈ। ਸ੍ਰੀ ਬਾਦਲ ਨੇ ਦੱਸਿਆ ਕਿ, ਕਾਲੀ–ਸੂਚੀ ਵਿੱਚ ਮੌਜੂਦ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਪਹਿਲਾਂ ਭਾਰਤ ਆਉਣ ਤੇ ਜਾਣ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ ਪਰ ਹੁਣ ਉਹ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਤੇ ਉਹ ਬੇਰੋਕ–ਟੋਕ ਭਾਰਤ ਆ–ਜਾ ਸਕਦੇ ਹਨ।
ਸ੍ਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਕਾਲ਼ੀ–ਸੂਚੀ ਖ਼ਤਮ ਕਰਨ ਦਾ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਤੇ ਛੇਤੀ ਹੀ ਇਹ ਸੂਚੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਸ਼ਾਂਤ ਕਰਨ ਵਿੱਚ ਬਹੁਤ ਮਦਦ ਮਿਲੇਗੀ। ਸ੍ਰੀ ਸੁਖਬੀਰ ਬਾਦਲ ਨੇ ਕਾਲ਼ੀ–ਸੂਚੀ ਖ਼ਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਬੇਨਤੀ ਮੰਨਣ ਲਈ ਗ੍ਰਹਿ ਮੰਤਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਤੇਜ਼–ਰਫ਼ਤਾਰ ਉਸਾਰੀ ਲਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।