ਮਿਆਦ ਲੰਘੇ ਪੇਪਰਾਂ ਵਾਲੇ ਲੋਕ ਹੁਣ 31 ਜੁਲਾਈ 2021 ਤੱਕ ਆ ਸਕਦੇ ਇਟਲੀ
ਰੋਮ (ਦਲਵੀਰ ਕੈਂਥ) ਕੋਰੋਨਾ ਵਾਇਰਸ ਵਧਣ ਕਾਰਨ ਵੱਖ ਵੱਖ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ ਪਰ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਪਾਬੰਦੀ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿਚ ਇਟਲੀ ਤੋਂ ਭਾਰਤ ਗਏ ਭਾਰਤ ਭਾਈਚਾਰੇ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂ ਕਿ ਬਹੁਤੇ ਭਾਰਤੀ ਜਿਹੜੇ ਮਜਬੂਰੀ ਵੱਸ ਥੋੜ੍ਹੇ ਸਮੇਂ ਲਈ ਭਾਰਤ ਗਏ ਸਨ ਉਹਨਾਂ ਦੇ ਕੰਮ-ਕਾਰ ਉਜੜਨ ਕਿਨਾਰੇ ਹਨ ਦੂਜਾ ਪੇਪਰਾਂ ਦੀ ਮਿਆਦ ਵੀ ਖਤਮ ਹੋ ਗਈ ਜਾਂ ਖ਼ਤਮ ਹੋਣ ਕਿਨਾਰੇ ਹੈ ਅਜਿਹੇ ਬੁਰੇ ਦੌਰ ਵਿੱਚੋਂ ਬਾਹਰ ਨਿਕਲਣ ਲਈ ਇਟਲੀ ਦੇ ਭਾਰਤੀ ਇਟਲੀ ਵਾਪਸ ਆਉਣ ਲਈ ਤਰਲੋ ਮੱਛੀ ਹੋਣ ਲਈ ਲਾਚਾਰ ਹਨ ਤੇ ਇਟਲੀ ਵਾਪਸੀ ਦੀਆਂ ਮਹਿੰਗੀਆਂ ਟਿਕਟਾਂ ਨੂੰ ਬੇਵੱਸ ਹੋਏ ਖਰੀਦਣ ਲਈ ਮਜਬੂਰ ਹੋਣਗੇ। ਇਟਲੀ ਸਰਕਾਰ ਨੇ ਕੋਵਿਡ-19 ਦੇ ਮੁਕੰਮਲ ਖ਼ਾਤਮੇ ਲਈ ਪਿਛਲੇ ਦਿਨੀਂ ਭਾਰਤ , ਬੰਗਲਾ ਦੇਸ਼ ਅਤੇ ਸ਼੍ਰੀ ਲੰਕਾ ਆਉਣ ਵਾਲੇ ਯਾਤਰੀਆਂ ਤੇ 30 ਮਈ 2021 ਤੱਕ ਪਾਬੰਦੀ ਲਗਾ ਦਿੱਤੀ ਸੀ। ਜਿਹੜੇ ਭਾਰਤੀ ਇਨ੍ਹੀਂ ਦਿਨੀਂ ਭਾਰਤ ਇਟਲੀ ਤੋਂ ਕਿਸੇ ਮਜਬੂਰੀ ਵੱਸ ਗਏ ਹਨ ਹੁਣ ਉਹ ਇਟਲੀ ਸਰਕਾਰ ਵੱਲ ਇਹ ਦੇਖ ਰਹੇ ਹਨ ਕਿ ਕਦੋਂ ਸਰਕਾਰ ਦੁਬਾਰਾ ਉਡਾਣਾਂ ਚਾਲੂ ਕਰੇਗੀ, ਕਿਉਂ ਕਿ ਜਦ ਤੱਕ ਸਹੀ ਢੰਗ ਨਾਲ ਉਡਾਣਾਂ ਚਾਲੂ ਨਹੀਂ ਹੁੰਦੀਆਂ ਉਦੋਂ ਤੱਕ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਟਿਕਟਾਂ ਦੇ ਨਾਂ ਤੇ ਲੁੱਟ ਖਸੁੱਟ ਹੁੰਦੀ ਰਹੇਗੀ।ਪਿਛਲੇ ਸਾਲ ਵੀ ਉਹਨਾਂ ਭਾਰਤੀ ਲੋਕਾਂ ਦੀ ਦੋਨੋ ਹੱਥੀ ਨਿੱਜੀ ਉਡਾਣਾਂ ਵਾਲ਼ਿਆਂ ਵੱਲੋ ਕੀਤੀ ਗਈ ਜਿਹੜੇ ਕਿ ਭਾਰਤ ਤਾਲਾਬੰਦੀ ਵਿੱਚ ਫਸ ਗਏ ਸਨ।ਇਸ ਸਾਲ ਫਿਰ ਇਹੀ ਗੋਰਖ ਧੰਦਾ ਹੋਣ ਜਾ ਰਿਹਾ ਹੈ ਜਿਸ ਦੀ ਸਭ ਤੋਂ ਪਹਿਲੀ ਉਦਾਹਰਣ ਮਈ ਵਿੱਚ ਦੇਖਣ ਮਿਲ ਰਹੀ ਹੈ ਜਿਸ ਤਹਿਤ ਭਾਰਤ ਤੋਂ ਹੋਰ ਯੂਰਪੀਅਨ ਦੇਸ਼ਾਂ ਰਾਹੀ ਇਟਲੀ ਆਉਣ ਵਾਲੇ ਭਾਰਤੀ ਲੋਕ ਜਿੱਥੇ ਪਹਿਲਾਂ ਇਟਲੀ ਤੋਂ ਬਾਹਰ 14 ਦਿਨ ਦਾ ਇਕਾਂਤਵਾਸ ਕੱਟਣਗੇ ਫਿਰ ਬਾਅਦ ਇਟਲੀ ਆਕੇ ਵੀ ਉਹਨਾਂ ਨੂੰ ਹੋ ਸਕਦਾ ਸਰਕਾਰੀ ਕੈਂਪ ਵਿੱਚ ਇਕਾਂਤਵਾਸ ਕੱਟਣਾ ਪਵੇਗਾ ਮਤਲਬ ਉਹ ਇੱਕ ਮਹੀਨਾਂ ਇਕਾਂਤਵਾਸ ਵਿੱਚ ਹੀ ਖੱਜਲਖੁਆਰ ਹੋਣਗੇ ਜਦੋ ਕਿ ਜਿਹੜੇ ਪਹਿਲਾਂ 28 ਅਪ੍ਰੈਲ ਨੂੰ ਏਅਰ ਇੰਡੀਆ ਦੀ ਉਡਾਣ ਰਾਹੀ ਇਟਲੀ ਆਏ ਸਨ ਉਹ ਹਾਲੇ ਤੱਕ ਵੀ ਸਰਕਾਰੀ ਕੈਂਪ ਵਿੱਚ ਹੀ ਹਨ ਤੇ ਵਾਰ-ਵਾਰ ਇਹ ਗੱਲ ਕਹਿ ਰਹੇ ਹਨ ਕਿ ਉਹ ਕੈਂਪ ਵਿੱਚ ਖਾਣ-ਪੀਣ ਤੇ ਦੇਖ-ਰੇਖ ਵਾਲ਼ੀਆਂ ਸਹੂਲਤਾਂ ਤੋ ਸੱਖਣੇ ਹਨ।ਮਿਲੀ ਜਾਣਕਾਰੀ ਅਨੁਸਾਰ ਜਿਹੜੀਆਂ ਇਸ ਮਹੀਨੇ ਵਿਸ਼ੇਸ਼ ਉਡਾਣਾਂ ਹੋਰ ਯੂਰਪੀਅਨ ਦੇਸ਼ਾਂ ਤੋਂ ਹੁੰਦੀਆਂ ਹੋਈਆਂ 14-15 ਦਿਨਾਂ ਬਾਅਦ ਇਟਲੀ ਆਉਣਗੀਆਂ ਉਹਨਾਂ ਦਾ ਸਿਰਫ ਇੱਕ ਪਾਸੇ ਦਾ ਕਿਰਾਇਆ ਭਾਰਤ ਕਰੰਸੀ ਦਾ ਤਕਰੀਬਨ 150000 ਰੁਪੲੈ ਯਾਤਰੀਆਂ ਨੂੰ ਅਦਾ ਕਰਨਾ ਪੈ ਰਿਹਾ ਹੈ।ਜੋ ਕਿ ਆਮ ਨਾਲੋਂ 4 ਗੁਣਾ ਜਿਆਦਾ ਹੈ।ਇਸ ਭਾਰਤ ਇਟਲੀ ਯਾਤਰਾ ਵਿੱਚ ਯਾਤਰੀ ਨੂੰ 1 ਮਹੀਨੇ ਤੋਂ ਬਾਅਦ ਹੀ ਆਪਣੇ ਇਟਲੀ ਵਾਲੇ ਘਰ ਪਹੁੰਚਣ ਦਾ ਮੌਕਾ ਮਿਲੇਗਾ ਇਹ ਯਾਤਰਾ ਉਸ ਦੀ ਜਿੱਥੇ ਆਰਥਿਕ ਲੁੱਟ ਕਰੇਗੀ ਉੱਥੇ ਦਿਮਾਗੀ ਪ੍ਰੇਸ਼ਾਨੀ ਦਾ ਵੀ ਸਵੱਬ ਬਣੇਗੀ। ਜਿਹੜੇ ਇਸ ਦੌਰ ਵਿੱਚ ਇਟਲੀ ਤੋ ਭਾਰਤ ਜਾਂ ਹੋਰ ਦੇਸ਼ ਗਏ ਲੋਕ ਹਨ ਤੇ ਯਾਤਰਾ ਦੌਰਾਨ ਜਿਹਨਾਂ ਦੇ ਪੇਪਰਾਂ ਦੀ ਮਿਆਦ ਖ਼ਤਮ ਹੋ ਗਈ ਹੈ ਜਾਂ ਹੋਣ ਕਿਨਾਰੇ ਹੈ ਉਹਨਾਂ ਦੇ ਪੇਪਰਾਂ ਦੀ ਮਿਆਦ ਨੂੰ ਇਟਲੀ ਸਰਕਾਰ ਨੇ 31 ਜੁਲਾਈ 2021 ਤੱਕ ਕਰ ਦਿੱਤਾ ਹੈ ।ਹੁਣ ਇਹ ਲੋਕ ਬਿਨਾਂ ਕਿਸੇ ਡਰ ਦੇ 31 ਜੁਲਾਈ ਤੱਕ ਵਾਪਸ ਇਟਲੀ ਆ ਸਕਦੇ ਹਨ।ਜਦੋ ਤੱਕ ਸਾਧਾਰਨ ਉਡਾਣਾਂ ਨਹੀ ਚੱਲਦੀਆਂ ਉਹ ਇੰਤਜਾਰ ਕਰਨ ਜਲਦਬਾਜੀ ਵਿੱਚ ਆਪਣੀ ਲੁੱਟ ਮਹਿੰਗੀਆਂ ਵਿਸ਼ੇਸ਼ ਨਿੱਜੀ ਉਡਾਣਾਂ ਵਿੱਚ ਕਰਵਾਉਣ ਲਈ ਆਪ ਜਾਕੇ ਬਲੀ ਦਾ ਬਕਰਾ ਨਾ ਬਣਨ।