ਰੋਮ(ਦਲਵੀਰ ਕੈਂਥ)ਇਟਲੀ ਵਿੱਚ ਇੱਕ ਵਾਰ ਫਿਰ ਵਿਦੇਸ਼ੀ ਲੋਕ ਇਟਾਲੀਅਨ ਲੋਕਾਂ ਦੇ ਗ਼ੁੱਸੇ ਦਾ ਉੱਦੋ ਸ਼ਿਕਾਰ ਹੋਏ ਜਦੋ ਇੱਕ ਪਾਕਿਸਤਾਨੀ ਆਸ਼ਿਕ ਨੇ ਆਪਣੀ ਮਹਿਬੂਬਾ ਨੂੰ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮਹਿਬੂਬਾਂ ਦੇ ਪੁੱਤਰ ਨੇ ਆਪਣੀ ਜਾਨ ਦੀ ਕੁਰਬਾਨੀ ਦੇਕੇ ਆਪਣੀ ਮਾਂ ਨੂੰ ਬਚਾ ਲਿਆ।ਇਟਲੀ ਦੇ ਰਾਸ਼ਟਰੀ ਮੀਡੀਏ ਵਿੱਚ ਸੁਰਖ਼ੀਆਂ ਬਣ ਨਸ਼ਰ ਹੋਈਆਂ ਖ਼ਬਰਾਂ ਅਨੁਸਾਰ ਇਟਲੀ ਦੇ ਸਰਦੇਨੀਆ ਸੂਬੇ ਵਿੱਚ ਇੱਕ 29 ਸਾਲ ਦੇ ਪਾਕਿਸਤਾਨੀ ਮੂਲ ਦੇ ਨੌਜਵਾਨ ਮਸੀਹ ਸਾਹਿਦ ਨੂੰ 50 ਸਾਲ ਦੀ ਇਟਾਲੀਅਨ ਪਾਓਲਾ ਪੀਰਸ ਨਾਲ ਪਿਆਰ ਹੋ ਗਿਆ ਤੇ ਦੋਨਾਂ ਨੇ ਮੰਗਣੀ ਵੀ ਕਰਵਾ ਲਈ ਪਰ ਜਲਦ ਦੀ ਇਹਨਾਂ ਦਾ ਪਿਆਰ ਖੰਭ ਲਾ ਉੱਡ ਗਿਆ ਕਿਉਂਕਿ ਮਸੀਹ ਸਾਹਿਦ ਕਾਫ਼ੀ ਗ਼ੁੱਸੇਖ਼ੋਰ ਸੀ ਤੇ ਅਕਸਰ ਪਾਓਲਾ ਪੀਰਸ ਨੂੰ ਕੁੱਟਦਾ ਮਾਰਦਾ ਸੀ ਜਿਸ ਕਾਰਨ ਇਹਨਾਂ ਦੋਨਾਂ ਦਾ ਰਿਸ਼ਤਾ ਟੁੱਟ ਗਿਆ ।ਰਿਸ਼ਤਾ ਟੁੱਟਣ ਦੇ ਬਾਵਜੂਦ ਮਸੀਹ ਸਾਹਿਦ ਨੇ ਪਾਓਲਾ ਨੂੰ ਪਰੇਸ਼ਾਨ ਕਰਨਾ ਨਾ ਛੱਡਿਆ ਜਿਸ ਤੋਂ ਦੁੱਖੀ ਪਾਓਲਾ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਤੇ ਪੁਲਸ ਨੇ ਮਸੀਹ ਸਾਹਿਦ ਨੂੰ ਪਾਓਲਾ ਦੇ ਘਰ ਤੋਂ ਵੀ ਦੂਰ ਰਹਿਣ ਦੀ ਚੇਤਾਵਨੀ ਦਿੱਤੀ । ਪਾਓਲਾ ਪੀਰਸ ਦੀ ਬੇਰੁੱਖੀ ਤੋਂ ਖਫਾ ਮਸੀਹ ਸਾਹਿਦ ਬੀਤੇ ਦਿਨ ਦੁਪਿਹਰ ਸਮੇਂ ਉਸ ਦੇ ਘਰ ਚਾਕੂ ਨਾਲ ਹਮਲਾ ਕਰਨ ਦੀ ਨਿਆਤ ਨਾਲ ਚਲਾ ਗਿਆ ਤੇ ਉੱਥੇ ਜਾਕੇ ਪਾਓਲਾ ਨਾਲ ਲੜਨ ਲੱਗਾ ।
ਇਸ ਤੋਂ ਪਹਿਲਾਂ ਕਿ ਮਸੀਹ ਸਾਹਿਦ ਪਾਓਲਾ ਉਪੱਰ ਹੱਥ ਵਿੱਚ ਫੜੇ ਚਾਕੂ ਨਾਲ ਹਮਲਾ ਕਰਦਾ ਪਾਓਲਾ ਦਾ 19 ਸਾਲ ਦਾ ਮੁੰਡਾ ਮੀਰਕੋ ਫਾਰਕੀ ਅੱਗੇ ਆ ਗਿਆ ਤੇ ਗ਼ੁੱਸੇ ਵਿੱਚ ਅੰਨੇ ਹੋਏ ਮਸੀਹ ਸਾਹਿਦ ਨੇ ਬਹੁਤ ਹੀ ਬੇਰਹਿਮੀ ਨਾਲ ਮੀਰਕੋ ਫਾਰਕੀ ਦੀਆਂ ਵੱਖੀਆਂ ਵਿੱਚ ਚਾਕੂ ਨਾਲ ਕਈ ਵਾਰ ਕਰ ਦਿੱਤੇ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਮਸੀਹ ਸਾਹਿਦ ਦਾ ਇਸ ਘਟਨਾ ਨੂੰ ਅੰਜਾਮ ਦੇਕੇ ਵੀ ਗ਼ੁੱਸਾ ਠੰਡਾ ਨਹੀ ਹੋਇਆ ਤੇ ਫਿਰ ਉਸ ਨੇ ਪਾਓਲਾ ਨੂੰ ਵੀ ਚਾਕੂ ਨਾਲ ਗੰਭੀਰ ਜਖਮੀ ਕਰ ਦਿੱਤਾ ਜਿਸ ਕਾਰਨ ਪਾਓਲਾ ਦੀ ਮੌਤ ਤਾਂ ਨਹੀ ਹੋਈ ਪਰ ਉਹ ਡੂੰਘੇ ਜਖ਼ਮਾਂ ਕਾਰਨ ਕੋਮਾ ਵਿੱਚ ਚੱਲੇ ਗਈ ਹੈ। ਇਸ ਗ਼ੈਰ ਮਨੁੱਖੀ ਵਿਰਤਾਰੇ ਨੂੰ ਦੇਖ ਮੁੱਹਲੇ ਦੇ ਇਟਾਲੀਅਨ ਲੋਕ ਆਪੇ ਤੋਂ ਬਾਹਰ ਹੋ ਗਏ ਤੇ ਉਹ ਮਸੀਹ ਸਾਹਿਦ ਨੂੰ ਵੀ ਮਾਰਨ ਲੱਗੇ ਸਨ ਕਿ ਕਿਸੇ ਨੇ ਪੁਲਸ ਨੂੰ ਘਟਨਾ ਦੀ ਇਤਲਾਹ ਦੇ ਦਿੱਤੀ ਜਿਸ ਨਾਲ ਤੁਰੰਤ ਪੁਲਸ ਨੇ ਆਕੇ ਮੌਕਾ ਸਾਂਭ ਲਿਆ ।ਇਟਾਲੀਅਨ ਲੋਕਾਂ ਲਈ ਇਹ ਅਸਹਿ ਸੀ ਕਿ ਉਹਨਾਂ ਦੇ ਆਪਣੇ ਪਿਆਰੇ ਨੂੰ ਕੋਈ ਵਿਦੇਸ਼ੀ ਅੱਖਾਂ ਦੇ ਸਾਹਮਣੇ ਚਾਕੂ ਨਾਲ ਮੌਤ ਦੇ ਘਾਟ ਉਤਾਰ ਦਵੇ । ਘਟਨਾ ਤੇ ਮੌਜੂਦ ਲੋਕ ਰੱਜ ਕੇ ਵਿਦੇਸ਼ੀਆਂ ਨੂੰ ਬੁਰਾ-ਭਲਾ ਬੋਲ ਰਹੇ ਹਨ।ਪੁਲਸ ਨੇ ਕਥਿਤ ਦੋਸ਼ੀ ਮਸੀਹ ਸਾਹਿਦ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇੱਕ ਵਾਰ ਫਿਰ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਇਟਾਲੀਅਨ ਲੋਕਾਂ ਦੇ ਗ਼ੁੱਸੇ ਤੇ ਨਫ਼ਰਤ ਦਾ ਸ਼ਿਕਾਰ ਬਣਨ ਲਈ ਮਜਬੂਰ ਕਰ ਦਿੱਤਾ ਹੈ ਜਿਸ ਕਾਰਨ ਸ਼ਾਇਦ ਹੁਣ ਇਸ ਇਲਾਕੇ ਵਿੱਚ ਇਟਾਲੀਅਨ ਲੋਕ ਵਿਦੇਸ਼ੀਆਂ ਨਾਲ ਪਿਆਰ ਪਾਉਣ ਸਮੇਂ 100 ਵਾਰ ਸੋਚਣਗੇ।