ਰੋਮ (ਕੈਂਥ) – ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਮ ਨੂੰ ਹੱਕ ਤੇ ਸੱਚ ਲਈ ਲੜਨਾ ਪਿਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਹਿੱਕ ਤਾਣ ਕੇ ਜਾਬਰ ਨੂੰ ਜਵਾਬ ਦਿੱਤਾ। ਸਿੱਖ ਕੌਮ ਅਜਿਹੀ ਕੌਮ ਹੈ ਜਿਸ ਨੇ ਸਦਾ ਸਰਬੱਤ ਦੇ ਲਈ ਆਪਾ ਨਿਸ਼ਾਵਰ ਕੀਤਾ ਤੇ ਸਦਾ ਕਰਦੀ ਰਹੇਗੀ, ਪਰ ਹਾਕਮਾਂ ਨੇ ਸਦਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ, ਜਿਸ ਦੀ ਮੂੰਹੋਂ ਬੋਲਦੀ ਮਿਸਾਲ ਹੈ ਗੁਰੂਆਂ ਦੀ ਧਰਤੀ ਪੰਜਾਬ ਉਪੱਰ ਹੋ ਰਹੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਨਿਰੰਤਰ ਇਜਾਫਾ ਹੋਣਾ ਜਿਸ ਨੂੰ ਨੱਥ ਪਾਉਣ ਲਈ ਦੁਨੀਆਂ ਭਰ ਦੀ ਸਿੱਖ ਕੌਮ ਚਿੰਤਤ ਹੈ। ਇਟਲੀ ਵਿੱਚ ਵੀ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਸਮੂਹ ਪੰਥਕ ਜਥੇਬੰਦੀਆਂ ਪੱਬਾਂ ਭਾਰ ਹਨ। ਸਿੱਖ ਕੌਮ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦਾ ਦਰਦ ਵੀ ਧੁਰ ਅੰਦਰੋਂ ਕਰ ਰਹੀ ਹੈ, ਜਿਸ ਬਾਬਤ ਲੇਨੌ (ਬਰੇਸ਼ੀਆ) ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਇਨ੍ਹਾਂ ਆਗੂਆਂ ਦੁਆਰਾ ਕਿਸਾਨ ਜਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰਨਾਂ ਜਥੇਬੰਦੀਆਂ ਜੋ ਕਿ ਇਸ ਵੇਲੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ, ਨੂੰ ਇਕਜੁੱਟ ਹੋ ਕੇ ਕਿਸਾਨੀ ਸੰਘਰਸ਼ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ, ਜੇਕਰ ਅਸੀਂ ਪਿਛਲਾ ਇਤਿਹਾਸ ਵੀ ਫਰੋਲੀਏ ਤਾਂ ਮਿਸਲਾਂ ਦੇ ਆਪਸ ਵਿੱਚ ਵਿਚਾਰ ਵਟਾਂਦਰਿਆਂ ਵਿੱਚ ਮੱਤਭੇਦ ਹੁੰਦੇ ਸਨ, ਪਰ ਜਦੋਂ ਕੋਈ ਸਿਧਾਂਤਕ ਮੁੱਦਾ ਹੁੰਦਾ ਤਾਂ ਸਾਰੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਂਦੇ ਸਨ। ਉਹਨਾਂ ਅੱਗੇ ਨਿਹੰਗ ਸਿੰਘਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੋਰਚਾ ਛੱਡ ਕੇ ਘਰ ਵਾਪਸ ਨਾ ਜਾਣ, ਉਨ੍ਹਾਂ ਇਹ ਵੀ ਕਿਹਾ ਕਿ, ਉਹ ਨਿਹੰਗ ਸਿੰਘਾਂ ਦੇ ਨਾਲ ਹਨ, ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ, ਇਕਬਾਲ ਸਿੰਘ ਸੋਢੀ ਨੋਵੇਲਾਰਾ, ਸੁਰਜੀਤ ਸਿੰਘ ਖੰਡੇਵਾਲਾ, ਇੰਟਰਨੈਸ਼ਨਲ ਪੰਥਕ ਦਲ ਇਟਲੀ ਦੇ ਪ੍ਰਧਾਨ ਭਾਈ ਪਰਗਟ ਸਿੰਘ ਖ਼ਾਲਸਾ, ਦਵਿੰਦਰ ਸਿੰਘ,ਬਲਬੀਰ ਸਿੰਘ ਬੀਰੀ, ਰਣਜੀਤ ਸਿੰਘ ਔਲਖ, ਗੁਰਪ੍ਰੀਤ ਨੋਵੇਲਾਰਾ, ਚਰਨਜੀਤ ਨੋਵੇਲਾਰਾ, ਸਤਨਾਮ ਸਿੰਘ ਨੋਵੇਲਾਰਾ, ਹਰੀ ਸਿੰਘ, ਮੇਜਰ ਸਿੰਘ ਅਨਕੋਨਾ, ਬਲਦੇਵ ਸਿੰਘ ਸਨਜਵਾਨੀ, ਕੁਲਵਿੰਦਰ ਸਿੰਘ ਪੋਰਗਨੋਨੇ, ਭਗਵਾਨ ਸਿੰਘ, ਨੇਨਸੀ ਕੌਰ, ਜਗਜੀਤ ਸਿੰਘ ਸਿੱਖ ਸੇਵਾ ਸੁਸਾਇਟੀ, ਸਤਨਾਮ ਸਿੰਘ ਵਿਚੈਂਸਾ, ਬਲਵੀਰ ਸਿੰਘ ਮੱਲ, ਪ੍ਰੇਮਪਾਲ ਸਿੰਘ ਵਿਚੈਂਸਾ, ਭਾਈ ਬਲਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਕੁਲਵਿੰਦਰ ਸਿੰਘ ਆਦਿ ਵੱਲੋਂ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਇਕਜੁੱਟ ਹੋਣ ਦੀ ਅਪੀਲ ਕੀਤੀ।