ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਹ ਗੱਲ ਸਦਾ ਹੀ ਰਹੱਸਮਈ ਰਹੀ ਹੈ ਕਿ ਇਨਸਾਨ ਧਰਮ ਲਈ ਹੈ ਜਾਂ ਧਰਮ ਇਨਸਾਨ ਲਈ, ਜੋ ਵੀ ਹੈ ਇਨਸਾਨੀਅਤ ਧਰਮ ਤੋਂ ਉਪੱਰ ਕੁਝ ਨਹੀ ਹੋਣਾ ਚਾਹੀਦਾ, ਪਰ ਅਗਿਆਨਤਾ ਵੱਸ ਸਾਡੀ ਧਾਰਮਿਕ ਕੱਟੜਤਾ ਇਨਸਾਨ ਲਈ ਜਾਨ ਦਾ ਖੋਅ ਬਣ ਰਹੀ ਹੈ ਜਿਸ ਦੀ ਤਾਜਾ ਮਿਸਾਲ ਯੂਰਪ ਦੇ ਵਿਕਸਿਤ ਦੇਸ਼ ਇਟਲੀ ਵਿੱਚ ਵੀ ਦੇਖਣ ਨੂੰ ਮਿਲੀ,ਇਟਲੀ ਦੀ ਰਾਜਧਾਨੀ ਰੋਮ ਨੇੜਲੇ ਸ਼ਹਿਰ ਓਸਤੀਆਂ ਵਿਖੇ ਧਾਰਮਿਕ ਕੱਟੜਤਾ ਤੇ ਚੱਲਦਿਆਂ ਇੱਕ ਬੰਗਲਾਦੇਸ਼ੀ ਪਰਿਵਾਰ ਵਲੋਂ ਆਪਣੀ 14 ਸਾਲਾਂ ਬੇਟੀ ਦੀ ਇਸ ਲਈ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਕਿਉਂਕਿ ਉਹ ਬੁਰਕਾ ਪਹਿਨਣ ਤੋਂ ਇਨਕਾਰੀ ਸੀ।
ਸਥਾਨਕ ਮੀਡੀਆ ਅਨੁਸਾਰ ਇੱਕ ਮੁਸਲਮਾਨ ਪਰਿਵਾਰ ਦੀ ਲੜਕੀ ਨੇ ਇਸਲਾਮਿਕ ਧਰਮ ਲਈ ਲਾਜ਼ਮੀ ਬੁਰਕਾ ਪਹਿਨਣ ਤੋਂ ਨਾਂਹ ਕੀਤੀ, ਜਿਸ ਕਾਰਨ ਉਸ ਲੜਕੀ ਦੀ ਮਾਂ ਅਤੇ ਭਰਾ ਨੇ ਲੜਕੀ ਨੂੰ ਇਸ ਹੱਦ ਤੱਕ ਕੁੱਟਿਆ ਕੇ ਉਸ ਦੇ ਚੇਹਰੇ ਤੇ ਨਿਸ਼ਾਨ ਤੱਕ ਪੈ ਗਏ ਸਨ। ਲੜਕੀ ਵਲੋਂ ਆਪਣੇ ਹੀ ਪਰਿਵਾਰ ਖਿਲਾਫ ਨੇੜਲੇ ਪੁਲਿਸ ਸਟੇਸ਼ਨ ਵਿਖੇ ਪਹੁੰਚ ਕੇ ਰਿਪੋਰਟ ਦਰਜ਼ ਕਰਵਾਕੇ ਪ੍ਰਸ਼ਾਸਨ ਤੋਂ ਇਨਸਾਫ਼ ਲਈ ਮੰਗ ਕੀਤੀ ਹੈ।
ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮਜਿਸਟ੍ਰੇਟ ਦੇ ਧਿਆਨ ਵਿੱਚ ਲਿਆ ਕੇ ਦੋਸ਼ੀਆ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ. ਇਟਲੀ ‘ਚ ਕਾਨੂੰਨ ਮੁਤਾਬਕ ਤੁਸੀਂ ਬਾਲਗ ਬੱਚਿਆਂ ਨੂੰ ਕੱਟ ਮਾਰ ਨਹੀ ਕਰ ਸਕਦੇ, ਜੇਕਰ ਪੁਲਿਸ ਕੋਲ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ. ਦੱਸਣਯੋਗ ਹੈ ਕਿ ਯੂਰਪ ਦੇ ਕਈ ਦੇਸ਼ਾਂ ਨੇ ਬੁਰਕਾ ਪਹਿਨਣ ਉਪੱਰ ਪਾਬੰਦੀ ਲਗਾਈ ਹੋਈ ਹੈ, ਜਿਨਾਂ ਵਿੱਚ ਫਰਾਂਸ ਅਜਿਹਾ ਦੇਸ਼ ਹੈ ਜਿਸ ਨੇ ਇਸ ਕਾਰਵਾਈ ਵਿੱਚ ਸਭ ਤੋ ਪਹਿਲਾਂ ਅਪ੍ਰੈਲ 2011 ਵਿੱਚ ਇਤਿਹਾਸਕ ਫੈਸਲਾ ਲਿਆ। ਕੁਝ ਹੋਰ ਯੂਰਪੀਅਨ ਦੇਸ਼ ਵੀ ਬੁਰਕੇ ਉਪੱਰ ਰੋਕ ਲਗਾਉਣ ਲਈ ਜਲਦ ਫੈਸਲਾ ਲੈ ਸਕਦੇ ਹਨ, ਪਰ ਬੱਚਿਆਂ ਨੂੰ ਮਾਰਨ ਕੁੱਟਣ ਲਈ ਸਭ ਯੂਰਪੀਅਨ ਦੇਸ਼ਾਂ ਅੰਦਰ ਮਨਾਹੀ ਹੈ।