ਮਿਲਾਨ (ਇਟਲੀ) (ਸਾਬੀ ਚੀਨੀਆਂ) – ਬੀਤੇ ਦਿਨੀਂ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਕਸਬਾ ਕਿਊਦੁਨੋ ਦੇ ਤਾਜ ਮਹੱਲ ਰੈਂਸਟੋਰੈਂਟ ਵਿਖੇ ਯੂਰਪ ਕਬੱਡੀ ਕੱਪ ਕਰਵਾਉਣ ਸੰਬੰਧੀ ਮੀਟਿੰਗ ਹੋਈ, ਜਿਸ ਵਿੱਚ ਇਟਲੀ ਦੇ ਕਬੱਡੀ ਪ੍ਰਮੋਟਰ, ਨਵੇਂ ਅਤੇ ਪੁਰਾਣੇ ਖਿਡਾਰੀ ਅਤੇ ਕਬੱਡੀ ਦੇ ਪ੍ਰਸ਼ੰਸਕਾਂ ਨੇ ਹਿੱਸਾ ਲਿਆ। ਇਹ ਮੀਟਿੰਗ ਸੁਖਮਿੰਦਰ ਸਿੰਘ ਜੌਹਲ ਦੁਆਰਾ ਆਯੋਜਿਤ ਕਰਵਾਈ ਗਈ। ਇਸ ਮੀਟਿੰਗ ਵਿੱਚ ਇੰਟਰਨੈਸ਼ਨਲ ਕਬੱਡੀ ਫੈਡਰੈਸ਼ਨ ਦੇ ਪ੍ਰਧਾਨ ਅਸ਼ੌਕ ਦਾਸ ਯੂ. ਕੇ. ਨੇ ਹਿੱਸਾ ਲਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਟਲੀ ਤੋਂ ਕਬੱਡੀ ਪ੍ਰਮੋਟਰ ਅਨਿਲ ਸ਼ਰਮਾ ਨੇ ਦੱਸਿਆ ਕਿ, ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕਾਫੀ ਸਮੇਂ ਤੋਂ ਇਟਲੀ ਅਤੇ ਯੂਰਪ ਵਿੱਚ ਕਬੱਡੀ ਦੇ ਮੁਕਾਬਲੇ ਬਹੁਤ ਘੱਟ ਕਰਵਾਏ ਗਏ ਸਨ। ਜਿਸ ਕਰਕੇ ਕਬੱਡੀ ਦੇ ਖਿਡਾਰੀ ਅਤੇ ਪ੍ਰਸ਼ੰਸਕ ਕਾਫੀ ਜਿਆਦਾ ਮਾਯੂਸ ਸਨ। ਹੁਣ ਪ੍ਰਸ਼ੰਸਕਾਂ ਦੀ ਮੰਗ ਅਤੇ ਕੋਰੋਨਾ ਦੇ ਕੇਸਾਂ ਦੀ ਰਫਤਾਰ ਵਿੱਚ ਕਮੀ ਨੂੰ ਦੇਖਦਿਆ ਪ੍ਰਬੰਧਕਾਂ ਅਤੇ ਖਿਡਾਰੀਆ ਨੇ ਕਬੱਡੀ ਪ੍ਰਸ਼ੰਸਕਾਂ ਦੇ ਸਹਿਯੋਗ ਨਾਲ ਯੂਰਪ ਕਬੱਡੀ ਕੱਪ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਲਈ ਅਗਲੀ ਮੀਟਿੰਗ ਜਲਦੀ ਹੀ ਬੁਲਾਈ ਜਾਵੇਗੀ। ਜਿਸ ਵਿੱਚ ਯੂਰਪ ਕਬੱਡੀ ਕੱਪ ਦੀ ਤਾਰੀਖ ਅਤੇ ਖੇਡ ਗਰਾਉਡਾਂ ਦਾ ਫੈਸਲਾ ਕੀਤਾ ਜਾਵੇਗਾ। ਉਨਾਂ ਦੱਸਿਆ, ਯੂਰਪ ਕਬੱਡੀ ਕੱਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਬੀਮਾ ਪਾਲਿਸੀ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਮੀਟਿੰਗ ਦੇ ਅਖੀਰ ਵਿੱਚ ਸਾਈਪ੍ਰਸ ਵਿੱਚ ਹੋਏ ਯੂਰਪ ਕੱਪ ਵਿੱਚ ਗਈਆਂ ਸਰਕਲ ਅਤੇ ਨੈਸ਼ਨਲ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।