ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਦੁਨੀਆ ਭਰ ਵਿਚ ਜਦੋਂ ਦਾ ਕੋਰੋਨਾ ਮਹਾਂਮਾਰੀ ਦਾ ਦੌਰ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਲੈਕੇ ਪੂਰੀ ਦੁਨੀਆਂ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ. ਹਰ ਦੇਸ਼ ਦੀਆਂ ਸਰਕਾਰਾਂ ਵਲੋਂ ਆਪੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਲਈ ਹਰ ਇੱਕ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਪਰ ਇਸ ਦੇ ਬਾਵਜੂਦ ਵੀ ਆਏ ਦਿਨ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਵਿੱਚ ਲੋਕ ਪ੍ਰਭਾਵਿਤ ਹੋ ਰਹੇ ਹਨ.
ਇਟਲੀ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਵੱਖ-ਵੱਖ ਰੂਪ ਵਿੱਚ ਨਿਯਮ ਬਣਾਏ ਗਏ ਹਨ. ਜਿਸ ਵਿੱਚ ਨਾਗਰਿਕਾਂ ਨੂੰ ਮਾਸਕ ਪਹਿਨਣਾ ਅਤਿ ਜਰੂਰੀ ਕੀਤਾ ਹੋਇਆ ਹੈ, ਤਾਂ ਜੋ ਇਸ ਮਹਾਂਮਾਰੀ ਦੀ ਲਾਗ ਤੋਂ ਬਚਿਆ ਜਾ ਸਕੇ. ਹੁਣ ਇਟਲੀ ਸਰਕਾਰ ਕੋਵਿਡ ਨਾਲ ਨਜਿੱਠਣ ਲਈ ਬਣਾਏ ਹੋਏ ਨਿਯਮਾਂ ਵਿੱਚ ਢਿੱਲ ਦੇਣ ਜਾ ਰਹੀ ਹੈ. ਬੀਤੇ ਦਿਨ ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪੇਰੈਂਜਾ ਵਲੋਂ ਨਵੇਂ ਆਰਡੀਨੈਂਸ ਤੇ ਦਸਖ਼ਤ ਕਰਦਿਆਂ ਹੋਇਆਂ ਦੇਸ਼ ਵਾਸੀਆਂ ਨੂੰ 11 ਫਰਵਰੀ ਤੋਂ ਲੈਕੇ 31 ਮਾਰਚ 2022 ਨਵੇਂ ਆਦੇਸ਼ ਤੱਕ ਖੁੱਲ੍ਹੀਆ ਥਾਵਾਂ ਤੇ (ਭਾਵ ਬਾਹਰ) ਮਾਸਕ ਨਾ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ.
ਦੱਸਣਯੋਗ ਹੈ ਕਿ ਸਰਕਾਰ ਵਲੋਂ ਸਿਰਫ ਖੁੱਲੇ ਆਸਮਾਨ ਵਿੱਚ ਹੀ ਮਾਸਕ ਨਾ ਪਹਿਨਣ ਦੀ ਇਜਾਜ਼ਤ ਦਿੱਤੀ ਹੈ, ਪਰ ਜਨਤਕ ਥਾਵਾਂ, ਭੀੜ ਭੜੱਕੇ ਵਾਲੀਆਂ ਥਾਵਾਂ ਅਤੇ ਇਨ੍ਹਾਂ ਤੋਂ ਇਲਾਵਾ ਬਾਕੀ ਨਿਯਮਾਂ ਵਿੱਚ ਜ਼ੋ ਇਸ ਤੋਂ ਪਹਿਲਾਂ ਬਣਾਏ ਗਏ ਸਨ, ਉਹ ਨਿਯਮ ਅਗਲੇ ਆਦੇਸ਼ ਤੱਕ ਉਸੇ ਤਰ੍ਹਾਂ ਹੀ ਲਾਗੂ ਰਹਿਣਗੇ।