ਸੰਗਤਾਂ ਭਾਰੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਨਤਮਸਤਕ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਰਾਜਧਾਨੀ ਰੋਮ ਦੇ ਅਧੀਨ ਪੈਂਦੇ ਸ਼ਹਿਰ ਵਿਲੇਤਰੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਆਗਮਨ ਪੁਰਬ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ. ਐਤਵਾਰ ਸਵੇਰੇ ਨਿਸ਼ਾਨ ਸਾਹਿਬ ਦੇ ਵਸਤਰਾਂ ਦੀਆਂ ਸੰਗਤਾਂ ਵਲੋਂ ਸੇਵਾਵਾਂ ਕੀਤੀਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਲਾਹੀ ਬਾਣੀ ਆਖੰਡ ਪਾਠ ਜੀ ਭੋਗ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕੀਰਤਨ ਦਰਬਾਰ ਸਜਾਏ ਗਏ.
ਇਸ ਮੌਕੇ ਭਾਈ ਮਨਦੀਪ ਸਿੰਘ ਹੀਰਾਂਵਾਲਿਆ ਦੇ ਢਾਡੀ ਜਥੇ ਵਲੋਂ ਗੁਰਬਾਣੀ ਦਾ ਗੁਣਗਾਨ ਕਰਕੇ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ. ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਦਾ ਅਨੰਦ ਮਾਣਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਲਾਸੀਓ ਸੂਬੇ ਦੇ ਵੱਖ ਵੱਖ ਗੁਰਦੁਆਰਿਆਂ ਅਤੇ ਮੰਦਿਰਾਂ ਦੇ ਪ੍ਰਬੰਧਕਾਂ ਵਲੋ ਵਿਸ਼ੇਸ਼ ਤੌਰ ਹਾਜ਼ਰੀ ਲਗਵਾਈ ਗਈ. ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਗੁਰਦੁਆਰਿਆਂ, ਮੰਦਿਰਾਂ ਦੇ ਪ੍ਰਬੰਧਕ ਮੈਂਬਰਾਂ ਅਤੇ ਜਿਨ੍ਹਾਂ ਸੰਗਤਾਂ ਵੱਲੋਂ ਇਸ ਸਮਾਗਮ ਵਿੱਚ ਸੇਵਾਵਾਂ ਕੀਤੀਆਂ ਉਨ੍ਹਾਂ ਨੂੰ ਘਰ ਦੀ ਬਖਸ਼ੀਸ਼ ਸਿਰੋਪਾਓ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਵੱਖ ਵੱਖ ਪ੍ਰਕਾਰ ਦੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।