ਰੋਮ (ਇਟਲੀ) (ਕੈਂਥ) – ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਜ਼ੂਮ ਦੇ ਮਾਧਿਅਮ ਰਾਹੀਂ ਪਹਿਲਾ ਸਾਂਝਾ ਸਾਹਿਤਕ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ। ਜਿਸ ਵਿੱਚ ਪੰਜਾਬੀ ਅਤੇ ਇਤਾਲਵੀ ਸਾਹਿਤਕਾਰਾਂ ਨੇ ਭਾਗ ਲਿਆ। ਇਸ ਪਹਿਲੇ ਸਾਹਿਤਿਕ ਸਮਾਗਮ ਵਿੱਚ ਪੰਜਾਬੀ ਤੇ ਇਤਾਲਵੀ ਕਵਿਤਾ ਉੱਪਰ ਆਲੋਚਨਾਤਮਿਕ ਪੱਖ ਤੋਂ ਨਿੱਠ ਕੇ ਵਿਚਾਰ ਚਰਚਾ ਕੀਤੀ। ਸਮਾਗਮ ਦੀ ਸਰਪ੍ਰਸਤੀ ਡਾ: ਸ ਪ ਸਿੰਘ ਸਾਬਕਾ ਵੀਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਅਤੇ ਪ੍ਰਧਾਨਗੀ ਪ੍ਰੋ: ਗੁਰਭਜਨ ਗਿੱਲ ਪ੍ਰਧਾਨ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਡਾ: ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਅਤੇ ਡਾ: ਸਾਂਦਰੀਨੋ ਲੁਈਜੀ ਮਾਰਾ ਸ਼ਾਮਿਲ ਹੋਏ।
ਇਸ ਸਮੇਂ ਡਾ: ਦਵਿੰਦਰ ਸੈਫੀ, ਫਰਾਂਕੋ ਮਾਤੇਈ, ਸਵਰਨਜੀਤ ਸਵੀ ਅਤੇ ਅਨਤੋਨੀਉ ਮਾਰੀੳ ਨਾਪੋਲੀਤਾਨੋ ਨੇ ਆਪਣੀਆਂ ਕਵਿਤਾਵਾਂ ਪੜੀਆਂ ਅਤੇ ਡਾ: ਯੋਗ ਰਾਜ ਵਾਈਸ ਚੈਅਰਮੈਨ ਲੋਕ ਕਲਾ ਅਕਾਦਮੀ ਚੰਡੀਗੜ ਅਤੇ ਡਾ: ਦਾਨੀਏਲੇ ਕਾਸਤੇਲਾਰੀ ਬਤੌਰ ਆਲੋਚਕ ਸ਼ਾਮਿਲ ਹੋਏ। ਜਿਹਨਾਂ ਨੇ ਡਾ: ਦਵਿੰਦਰ ਸੈਫੀ ਦੀ ਕਵਿਤਾ ‘ਮੁਰਗੀਆਂ, ਸਵਰਨਜੀਤ ਸਵੀ ਦੀ ਕਵਿਤਾ ‘ਕਿਤਾਬ ਜਾਗਦੀ ਹੈ, ਫਰਾਂਕੋ ਮਾਤੇਈ ਦੀ ਕਵਿਤਾ ‘ਪਿਆਰਾ ਪਿੰਡ, ‘ਝੀਲ’ ਅਤੇ ਨਾਪੋਲੀਤਾਨੋ ਦੀ ਕਵਿਤਾ ‘ਮੈਲੂਸੀਉ’ ਉੱਪਰ ਉੱਚ ਪਾਏ ਦੀ ਚਰਚਾ ਕੀਤੀ।
ਇਸ ਸਮੇਂ ਨੋਬਲ ਇਨਾਮ ਜੇਤੂ ਇਤਾਲਵੀ ਕਵੀ ਊਜ਼ੈਨੀਉ ਮੌਨਤਾਲੇ ਅਤੇ ਬਾਬਾ ਫਰੀਦ ਜੀ ਸਮੇਤ ਗੁਰੂ ਨਾਨਕ ਦੇਵ ਜੀ ਨੂੰ ਵੀ ਯਾਦ ਕੀਤਾ ਗਿਆ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਇਤਾਲਵੀ ਤੇ ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ: ਸ ਪ ਸਿੰਘ, ਪ੍ਰੋ: ਗੁਰਭਜਨ ਗਿੱਲ, ਡਾ: ਲਖਵਿੰਦਰ ਜੌਹਲ, ਸਾਂਦਰੀਨੋ ਲੁਈਜੀ ਮਾਰਾ ਨੇ ਇਸ ਸਮਾਗਮ ਦੀ ਸਰਾਹਨਾ ਕੀਤੀ ਅਤੇ ਦੋਵਾਂ ਭਾਸ਼ਾਵਾਂ ਵਿੱਚ ਸਾਂਝਾ ਸਮਾਗਮ ਕਰਨ ਲਈ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ, ਦੁਨੀਆਂ ਭਰ ਵਿੱਚ ਵੱਸਦੇ ਸਾਹਿਤਕਾਰਾਂ ਨੂੰ ਭਾਸ਼ਾ ਦੇ ਅਜਿਹੇ ਸਾਂਝੇ ਪੁਲ ਉਸਾਰ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ, ਜਿਸ ਨਾਲ ਸਾਹਿਤਿਕ ਸੁਨੇਹਾ ਵੀ ਸਾਂਝਾ ਹੋਵੇਗਾ ਤੇ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਵੀ ਸਾਹਿਤ ਨਾਲ ਜੋੜ ਸਕਾਂਗੇ।
ਇਸ ਸਮਾਗਮ ਵਿੱਚ ਇਟਲੀ ਵਿੱਚ ਰਹਿਣ ਵਾਲੇ ਬੱਚਿਆਂ ਦਵਿੰਦਰ ਸਿੰਘ, ਬਿਕਰਮ ਸਿੰਘ ਬਾਵਾ ਅਤੇ ਜਸਜੀਤ ਸਿੰਘ ਚਾਹਲ ਨੇ ਬਤੌਰ ਅਨੁਵਾਦਕ ਖਾਸ ਭੂਮਿਕਾ ਨਿਭਾਈ। ਇਸ ਸਮਾਗਮ ਦੀ ਸਮੁੱਚੀ ਸੰਚਾਲਨਾ ਪ੍ਰੋ: ਜਸਪਾਲ ਸਿੰਘ ਅਤੇ ਦਲਜਿੰਦਰ ਰਹਿਲ ਨੇ ਪੰਜਾਬੀ ਅਤੇ ਇਤਾਲਵੀ ਭਾਸ਼ਾ ਵਿੱਚ ਸੇਵਾ ਬਾਖੂਬੀ ਨਿਭਾਈ।