ਤੈਰਨੀ (ਇਟਲੀ) (ਸਾਬੀ ਚੀਨੀਆਂ) – ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਟਲੀ ਦੇ ਸ਼ਹਿਰ ਤੈਰਨੀ ਵਿਚ 18ਵਾਂ ਸਾਲਨਾ ਨਗਰ ਕੀਰਤਨ ਖਾਲਸਾਈ ਸ਼ਾਨੋ ਸ਼ੌਕਤ ਅਤੇ ਚੜ੍ਹਦੀ ਕਲ੍ਹਾ ਨਾਲ ਸਜਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਨੇ ਗੁਰਦੁਆਰਾ ਸਾਹਿਬ ਤੋਂ 1 ਵਜੇ ਦੇ ਕਰੀਬ ਚਾਲੇ ਪਾਏ। ਉਪਰੰਤ 1 ਲੱਖ ਤੋਂ ਵੱਧ ਵੱਸੋਂ ਵਾਲੇ ਸ਼ਹਿਰ ਦੇ ਵੱਖ ਵੱਖ ਰਸਤਿਆਂ ਦੀ ਪਰਿਕਰਮਾ ਕਰਦੇ ਹੋਏ ਸੰਗਤਾਂ ਜਦੋਂ ਮੁੱਖ ਚੌਂਕ ਵਿਚ ਪੁੱਜੀਆਂ ਤੇ ਉੱਥੇ ਸੰਗਤਾਂ ਵੱਲੋਂ ਜੋ ਬੋਲੇ ਸੋ ਨਿਹਾਲ ਦੇ ਆਸਮਾਨ ਤੇ ਗੂੰਜਦੇ ਜੈਕਾਰਿਆਂ ਨਾਲ ਜੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ’ਤੇ ਸਿੱਖ ਕੌਮ ਦੇ ਮਹਾਨ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰਬਾਣੀ ਤੋਂ ਇਲਾਵਾ ਸਿੱਖ ਕੌਮ ਦੇ ਮਹਾਨ ਜੋਧਿਆਂ ਦੀ ਜੀਵਨੀ ਨਾਲ ਸਬੰਧਿਤ ਢਾਡੀ ਵਾਰਾਂ ਸਰਵਣ ਕਰਵਾਉਂਦੇ ਹਾਜਰੀਆਂ ਭਰਦੇ ਹੋਏ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾਏ। ਇਸ ਮੌਕੇ ’ਤੇ ਗਤਕੇ ਵਾਲੇ ਸਿੰਘਾਂ ਵੱਲੋਂ ਗਤਕਾ ਕਲ੍ਹਾ ਦੇ ਜੌਹਰ ਵਿਖਾਉਂਦੇ ਹੋਏ ਜਿਵੇਂ ਸਮੇਂ ਵਿਚ ਠਹਿਰਾਉ ਲਿਆ ਦਿੱਤਾ ਗਿਆ। ਨੌਜਵਾਨਾਂ ਵੱਲੋਂ ਦੂਰ ਦੁਰਾਡੇ ਤੋਂ ਕਾਫਲਿਆਂ ਦੇ ਰੂਪ ਵਿਚ ਪਹੁੰਚੀ ਹੋਈ ਸੰਗਤ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਨਗਰ ਕੀਰਤਨ ਦੀ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਪੁੱਜੇ ਹੋਏ ਜਥਿਆਂ ਤੋਂ ਇਲਾਵਾ ਪੰਜ ਪਿਆਰੇ ਸਾਹਿਬਾਨ ਅਤੇ ਸੇਵਾਵਾਂ ਵਿਚ ਹਿੱਸਾ ਪਾਉਣ ਵਾਲੇ ਸੇਵਾਦਾਰਾਂ ਨੂੰ ਉਚੇਚੇ ਤੌਰ ’ਤੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ 18ਵੇਂ ਸਲਾਨਾ ਨਗਰ ਕੀਰਤਨ ਦੀਆਂ ਯਾਦਗਾਰੀ ਤਸਵੀਰਾਂ ਨੂੰ ਕੈਮਰਿਆਂ ਵਿਚ ਉਤਾਰਣ ਲਈ ਇਟਾਲੀਅਨ ਮੀਡੀਆ ਕਰਮੀਆਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਸੀ।